ਪੰਜਾਬ ਨੂੰ ਬਰਬਾਦ ਕਿਉਂ ਕੀਤਾ ਜਾ ਰਿਹਾ ?

-ਗੁਰਬਚਨ

ਚਿਰ ਪਹਿਲਾਂ ਆਲਬੇਰ ਕਾਮੂ ਨੇ ਕਿਹਾ : ਮਨੁੱਖ ਕੋਲੋਂ ਘਰ ਖੁੱਸ ਗਿਆ ਹੈ; ਤੇ ਤ੍ਰਾਸਦੀ ਇਹ ਹੈ ਕਿ ਮਨੁੱਖ ਨੂੰ ਪਤਾ ਨਹੀਂ ਕਿ ਅਜਿਹਾ ਹੋ ਗਿਆ ਹੈ। ਮੇਰਾ ਮੰਨਣਾ ਹੈ ਪੰਜਾਬੀ ਬੰਦੇ ਕੋਲੋਂ ਪੰਜਾਬ ਖੁਸ ਰਿਹਾ ਹੈ, ਤੇ ਉਹਨੂੰ ਪਤਾ ਨਹੀਂ ਕਿ ਅਜਿਹਾ ਹੋ ਰਿਹਾ ਹੈ।

ਇਹ ਸਮਝਣਾ ਜ਼ਰੂਰੀ ਹੈ ਕਿ ਪੰਜਾਬ ਇਕ ਹੈ, ਇਹਦੀ ਭਾਸ਼ਾ ਪੰਜਾਬੀ ਹੈ, ਇਹਦਾ ਸਭਿਆਚਾਰ ਭੋਇੰਮੁਖ ਹੈ। ਪਰ ਅੱਜ ਪੰਜਾਬੀ ਦੋ ਤਰਾਂ ਦੇ ਹਨ। ਦੋ ਤਰਾਂ ਦੇ ਮੁੱਢੋਂ ਨਹੀਂ, ਬਣ ਗਏ ਹਨ। ਇਹ ਜੋ ਸ਼ਹਿਰ ਅਤੇ ਪਿੰਡ ਦਾ ਪਾੜਾ ਹੈ, ਉਹ ਦੋ ਤਰਾਂ ਦੇ ਪੰਜਾਬੀਆਂ ਦਾ ਚਿੰਨ੍ਹ ਹੈ। ਇਹ ਜੋ ਹਿੰਦੂ ਪੰਜਾਬੀ ਤੇ ਸਿੱਖ ਪੰਜਾਬੀ ਹਨ, ਇਹ ਵਖੇਵਾਂ ਕੁਦਰਤੀ ਨਹੀਂ ਹੈ। ਦੋਵੇਂ ਇਕੋ ਭੋਇੰ ’ਚ ਪੈਦਾ ਹੋਏ। ਭਾਸ਼ਾ ਦੋਨਾਂ ਦੀ ਇਕ ਹੈ, ਜਿਵੇਂ ਪੰਜਾਬ ਦੇ ਮੁਸਲਮਾਨਾਂ ਦੀ ਭਾਸ਼ਾ ਵੀ ਪੰਜਾਬੀ ਹੈ। ਇਹ ਵਖੇਵੇਂ ਪੈਦਾ ਕੀਤੇ ਗਏ ਹਨ। ਇਹ ਪੰਜਾਬ ਦੇ ਅਸਲ ਨੇ ਪੈਦਾ ਨਹੀਂ ਕੀਤੇ। ਇਹ ਬਸਤੀਵਾਦੀ ਦੌਰ ਦੀ ਉਪਜ ਹਨ। ਇਹ ਤਾਕਤਵਰ ਧਿਰ ਦੀ ਪ੍ਰਭੁਤਵੀ ਲਿਲਕ ਦਾ ਨਤੀਜਾ ਹਨ।

ਹਿੰਦੂ ਸਿੱਖ ਵਖੇਵੇਂ ਅੰਗਰੇਜ਼ਾਂ ਨੇ ਘਟ ਪੈਦਾ ਕੀਤੇ। ਵਖੇਵੇਂ ਦੇ ਬੀਜ ਸੁਆਮੀ ਦਯਾਨੰਦ ਨੇ ਪੰਜਾਬ ਵਿਚ ਆ ਕੇ ਬੋਏ। ਸੁਆਮੀ ਜੀ ਬੀਜ ਇਸ ਕਰਕੇ ਬੋ ਸਕੇ ਕਿਉਂਕਿ ਏਥੋਂ ਦੀ ਸ਼ਹਿਰੀ ਮਧਲੀ ਜਮਾਤ ਇਨ੍ਹਾਂ ਨੂੰ ਅੰਕੁਰਿਤ ਕਰਨ ਲਈ ਤਿਆਰ ਬੈਠੀ ਸੀ। ਕਿਉਂ ਤਿਆਰ ਸੀ ਇਹ ਏਨੀ? ਉਹ ਇਸ ਕਰਕੇ ਕਿ ਇਹਦਾ ਅਵਚੇਤਨ ਉਸ ਪੰਜਾਬ ਪ੍ਰਤਿ ਹਿਕਾਰਤ ਸਾਂਭੀ ਬੈਠਾ ਸੀ ਜੋ ਕਿਰਤੀ ਕਿਸਾਨ ਤੇ ਨਿਮਨ ਵਰਗ ਦਾ ਪੰਜਾਬ ਸੀ, ਜਿਸ ਨੇ ਅੰਗਰੇਜ਼ਾਂ ਵਿਰੁੱਧ ਲੜਾਈਆਂ ਲੜੀਆਂ, ਜੋ ਬਾਅਦ ਵਿਚ ਅੰਗਰੇਜ਼ੀ ਫੌਜ ਦੀ ਵੱਡੀ ਠਾਹਰ ਬਣ ਗਿਆ ਸੀ। ਇਸ ਦੇ ਬਾਵਜੂਦ ਇਸੇ ਪੰਜਾਬ ਨੇ ਏਥੋਂ ਦੀ ਬੋਲੀ ਤੇ ਸਭਿਆਚਾਰ ਨੂੰ ਸਾਂਭ ਰੱਖਿਆ ਸੀ। ਹੁਣ ਵੀ ਇਹੀ ਪੰਜਾਬ ਇਹਦੀ ਸੰਭਾਲ ਕਰ ਰਿਹਾ ਹੈ।

ਹਿੰਦੂ ਸਿੱਖ ਵਖੇਵਾਂ ਤਾਂ ਸੀ, ਪਰ ਦੋਨਾਂ ਦੀ ਭਾਈਚਾਰਕ ਸਾਂਝ ਅਤੁੱਟ ਸੀ, ਜਿਵੇਂ ਹੁਣ ਵੀ ਹੈ। ਸਾਂਝ ਹੀ ਤਾਂ ਪੰਜਾਬੀਅਤ ਸੀ, ਭਾਵੇਂ ਕਈ ਤਰਾਂ ਦੀਆਂ ਵਿੱਥਾਂ ਸਨ : ਸ਼ਹਿਰ ਅਤੇ ਪਿੰਡ, ਕਿਸਾਨ ਅਤੇ ਆੜ੍ਹਤੀਆ, ਸ਼ਾਹੂਕਾਰ ਅਤੇ ਕਰਜ਼ਈ, ਸ਼ਾਤਰ ਅਤੇ ਸਿੱਧੜ। ਕਿਰਤੀ ਕਿਸਾਨ ਗੁਰੂ ਦੇ ਨਾਂ ’ਤੇ ਕਾਇਮ ਸੀ ਤੇ ਸ਼ਹਿਰੀ ਖੱਤਰੀ ਤੇ ਬ੍ਰਾਹਮਣ ਦੀ ਤਲਬ ਵਿਰਾਟ ਪ੍ਰਸੰਗਾਂ ਵਾਲੇ ਕੇਂਦਰੀ ਅਧਿਆਤਮ ਦੀ ਸੀ।

ਹਿੰਦੂ ਮਿਡਲ ਕਲਾਸ ਦਾ ਨਾਤਾ ਪੰਜਾਬ ਤੋਂ ਜ਼ਿਹਨੀ ਤੌਰ ’ਤੇ ਟੁੱਟ ਗਿਆ, ਸੰਕਟ ਦਾ ਆਰੰਭ ਉਦੋਂ ਹੋਇਆ। ਤਨਾਤਨੀ ਦੀ ਸ਼ੁਰੂਆਤ ਹੋਈ। ਇਹ ਜਮਾਤ ਪੰਜਾਬ ਵਿਚ ਰਹਿ ਕੇ ਵੀ ਏਥੋਂ ਦੇ ਹਿਤਾਂ ਤੋਂ ਪਰਾਈ ਹੋਣ ’ਚ ਸੁਖ ਭਾਲਦੀ ਸੀ। ਮਜ਼੍ਹਬ ਦੇ ਆਧਾਰ ’ਤੇ ਵੱਖੇਵੇਂ ਬਸਤੀਵਾਦੀਆਂ ਨੂੰ ਹੀ ਮੁਆਫ਼ਕ ਸਨ। ਕਿਰਤੀ ਕਿਸਾਨ ਤਾਂ ਇਹ ਵਖੇਵਾਂ ਕਦੀ ਵੀ ਨਹੀਂ ਚਾਹੁੰਦਾ ਸੀ। ਆਰਥਿਕ ਤਾਣ ਵਾਲਾ ਵਰਗ ਹੀ ਪੰਜਾਬ ਦੀਆਂ ਤੈਹਾਂ ਤੋਂ ਟੁੱਟ ਗਿਆ ਸੀ। ਇਸ ਟੁੱਟ ਬਾਅਦ ਇਹ ਪੂਰੀ ਤਰਾਂ ਪੰਜਾਬ ਦਾ ਕਦੇ ਨਾ ਹੋ ਸਕਿਆ। ਇਹਨੇ ਉਸ ਪੰਜਾਬ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਜਿੱਥੇ ਪੰਜਾਬੀ ਭਾਸ਼ਾ ਤੇ ਇਹਦਾ ਸਭਿਆਚਾਰ ਪਲ੍ਹਮਦਾ ਸੀ।

ਇਸ ਵਰਗ ਨੇ ਆਪਣੀ ਵੱਖਰੀ ਪੰਜਾਬੀ ਪਛਾਣ ਵੀ ਨਾ ਬਣਾਈ। ਇਹਦੀ ਪਛਾਣ ਵੱਖੇਵੇਂ ਅਤੇ ਵਿਰੋਧ ਕਰਕੇ ਹੀ ਕਾਇਮ ਰਹੀ। ਇਹ ਅਜੀਬ ਤਰਜ਼ ਦਾ ‘ਵੱਖਵਾਦ’ ਸੀ, ਵਿਰੋਧ ਦੀ ਖਾਤਰ ਵਖੇਵਾਂ! ਤੱਣਾਅ ਪੈਦਾ ਹੋਣਾ ਹੀ ਸੀ। ਭਾਈਚਾਰੇ ਨੇ ਜੋਖ਼ਮ ਸਹੇੜਨਾ ਹੀ ਸੀ। ਵਿਰੋਧ ਕਰਨ ਵਾਲਿਆਂ ਕੋਲ ਆਰਥਿਕ ਵਸੀਲੇ ਤੇ ਵਿਦਿਅਕ ਅਦਾਰੇ ਸਨ। ਕੇਂਦਰੀ ਏਲੀਤ ਦੀ ਭਈਵਾਲ ਬਣ ਕੇ ਇਹਨੇ ਸਵੈ-ਬਿੰਬ ਬੁ¦ਦ ਕੀਤਾ। ਮੀਡੀਆ ਇਹਦੇ ਕਬਜ਼ੇ ਵਿਚ ਸੀ। ਪੰਜਾਬ ਯੂਨੀਵਰਸਟੀ, ਟ੍ਰਿਬਿਊਨ ਅਖਬਾਰ, ਬੈਂਕ। ਏਨੇ ਜੁਗਾੜਾਂ ਰਾਹੀਂ ਇਹਦੀ ਜ਼ਹਿਨੀਅਤ ਤੇ ਕਾਰਾ ਬਸਤੀਵਾਦੀਆਂ ਵਰਗਾ ਹੋ ਗਿਆ। ਪੁਰਾਣੇ ਬਸਤੀਵਾਦੀ ਗਏ, ਨਵੇਂ ਆ ਗਏ। ਪੁਰਾਣਿਆਂ ਨੇ ਆਰਥਿਕਤਾ ਚੂਸੀ, ਨਵਿਆਂ ਨੇ ਪੰਜਾਬ ਦੀ ਰੂਹਾਨੀ ਤਾਕਤ ’ਤੇ ਸੱਟ ਵੱਧ ਮਾਰੀ। ਕਦੀ ਆਪਣੀ ਮਾਂਬੋਲੀ ਵੀ ਨਿਮਾਣੀ ਹੁੰਦੀ ਹੈ? ਜੇ ਨਿਮਾਣੀ ਹੈ ਤਾਂ ਇਹਨੂੰ ਤਾਕਤ ਦਿਓ, ਇਹਦੇ ਹੋਣੇ ਨੂੰ ਨਕਾਰੋ ਨਾ। ਨਾ ਮਿਟਾਓ। ਨਾ ਇਹਦਾ ਨਿਰਾਦਰ ਕਰੋ। ਹੋਇਆ ਇਹੀ।

1947 ਦੀ ਤ੍ਰਾਸਦੀ ਕਿਉਂ ਵਾਪਰੀ, ਇਹਦੇ ਕਾਰਣਾਂ ਵਲ ਆਪਾਂ ਨਹੀਂ ਜਾਂਦੇ। ਪਰ ਕਹਿਣਾ ਇਹ ਹੈ ਕਿ ਸੰਤਾਲੀ ਦੀ ਤ੍ਰਾਸਦੀ ਤੋਂ ਬਾਅਦ ਪੰਜਾਬ ਵਿਚ ਜੂਨ 1984 ਕਦੇ ਵਾਪਰਣਾ ਨਹੀਂ ਸੀ ਚਾਹੀਦਾ। ਪੰਜਾਬ ਤਾਂ ਆਪਣੇ ਅਸਲ ਨੂੰ ਬਚਾਣਾ ਚਾਹੁੰਦਾ ਸੀ, ਭਾਵੇਂ ਮੁਹਾਵਰਾ ਸਿੱਖੀ ਦਾ ਵਰਤ ਰਿਹਾ ਸੀ। ਬਚਾਉ ਦੇ ਇਸ ਯਤਨ ਨੂੰ ਫ਼ਿਰਕੂ ਰੰਗ ਦੇਣ ਵਾਲੀ ਬਸਤੀਵਾਦੀ ਸੋਚ ਸੀ। ਵੱਖਵਾਦੀ ਆਪਣਾ ‘ਸੱਚ’ ਪੰਜਾਬ ਦੇ ਅਸਲ ’ਤੇ ਠੋਸਣਾ ਚਾਹੁੰਦੇ ਸਨ। ਪੰਜਾਬੀ ਬੰਦੇ ਨੂੰ ਹੀ ਪੰਜਾਬ ਤੋਂ ਤੋੜਨਾ ਚਾਹੁੰਦੇ ਸਨ। ਇਸ ਤਨਾਤਨੀ ਦੀ ਸਿਖਰ 1984 ’ਚ ਪੁੱਜਾ। ਫਰੈਂਚ ਚਿੰਤਕ ਰੋਲਾਂ ਬਾਰਤ ਕਹਿੰਦਾ ਕਿ ਬੁਰਜੂਆ ਜਮਾਤ ਉਸ ਸਥਿਤੀ ਨੂੰ ਹੀ ਅੰਤਿਮ ਸੱਚ ਸਮਝਦੀ ਹੈ ਜੋ ਇਹਦੀ ਸਮਝ ਮੁਤਾਬਿਕ ‘ਸੱਚ’ ਹੈ। ਜਿਸ ਢੰਗ ਨਾਲ ਜੂਨ 1984 ਵਾਪਰਿਆ, ਇਹਦੇ ਲਈ ਜੋ ਵਿਚਾਰਧਾਰਕ ਆਧਾਰ ਤਿਆਰ ਕੀਤਾ ਗਿਆ, ਜਿਵੇਂ ਕੀਤਾ ਗਿਆ, ਇਹਦੇ ਬਾਰੇ ਅਨੰਤ ਤਫ਼ਸੀਲਾਂ ਪ੍ਰਾਪਤ ਹਨ। ਪਰ ਅਸਲ ਘੁੰਡੀ ਬਸਤੀਵਾਦੀ ਜ਼ਹਿਨੀਅਤ ਦੀ ਹੈ। ਫਿਰ ਜਿਵੇਂ ਦਿੱਲੀ ’ਚ ਕਤਲੇਆਮ ਹੋਇਆ ਉਸ ਤੋਂ ਲੱਗਦਾ ਸੀ ਸਿੱਖ ਕੌਮ ਨੂੰ ਸਬਕ ਸਿਖਾਇਆ ਜਾ ਰਿਹੈ। ਗੱਲ ਕਿੱਥੋਂ ਦੀ ਕਿੱਥੇ ਪਹੁੰਚ ਗਈ। ਵਲੂੰਧਰਿਆ ਪੰਜਾਬ ਗਿਆ। ਪਹਿਲਾਂ 1947 ’ਚ ਲੂਹਿਆ ਗਿਆ, ਫਿਰ 1984 ਵਿਚ।

ਏਨਾ ਉਪੱਦਰ ਹੋਣ ਦੇ ਤਿੰਨ ਦਹਾਕੇ ਬਾਅਦ ਪੰਜਾਬ ਦੇ ਅਸਲ ਦਾ ਕੀ ਬਣਿਆ? ਇਹੀ ਗੱਲ ਕਰਨ ਲਈ ਮੈਂ ਪਹਿਲੀਆਂ ਗੱਲਾਂ ਕੀਤੀਆਂ ਹਨ। ਸੱਚ ਇਹ ਹੈ ਕਿ ਅਸਲ ਪੰਜਾਬ ਅੱਜ ਤੰਤਹੀਣ ਹੋਇਆ ਪਿਆ। ਇਹਦੇ ਹੱਕ ਵਿਚ ਖੜਨ ਦੀ ਜੁੱਰਤ ਅੱਜ ਪੰਜਾਬ ਦੀ ਪੁਲੀਟੀਕਲ ਕਲਾਸ ਕੋਲ ਨਹੀਂ ਹੈ। ਪਿੰਡ ’ਚ ਬੁੜਾ ਵੋਟ ਬਾਦਲਾਂ ਨੂੰ ਪਾਉਂਦਾ ਹੈ ਪਰ ਉਹਨੂੰ ਪਤਾ ਕਿ ਉਹਦੇ ਮੁੰਡੇ ਦਾ ਭਵਿੱਖ ਪੰਜਾਬ ਵਿਚ ਸੁਰੱਖਿਅਤ ਨਹੀਂ। ਪੰਜਾਬੀ ਦੀ ਨਿਮਾਣੀ ਸਥਿਤੀ ਨੂੰ ਬਾਦਲ ਪਿਤਾ ਸ਼ਿਰੀ ਤੇ ਬਾਦਲ ਪੁਤਰ ਸ਼ਿਰੀ ਨੇ ਸਦੀਵੀ ਸੱਚ ਮੰਨ ਲਿਆ ਹੈ। ਕੁਨਬਾ ਪਰਵਰੀ ਵਾਲੀ ਸਿਆਸਤ ਇਸੇ ਤਰਾਂ ਕਾਇਮ ਰਹਿ ਸਕਦੀ ਹੈ। ਨਰਿੰਦਰ ਮੋਦੀ ਨੂੰ ਜਿਸ ਸ਼ਿੱਦਤ ਤੇ ਕਾਹਲ ਨਾਲ ਮਹਾਨ ਨੇਤਾ ਪਿਤਾਸ਼ਿਰੀ ਬਾਦਲ ਨੇ ਮੰਨਿਆ ਓਨੀ ਸ਼ਿੱਦਤ ਕਾਰਪੋਰੇਟ ਸੈਕਟਰ ਨੇ ਵੀ ਨਹੀਂ ਦਿਖਾਈ। ਅਜਿਹੇ ‘ਪੰਜਾਬ ਪਖੀ’ ਹਾਕਮਾਂ ਸਾਹਮਣੇ ਪੰਜਾਬੀ ਸਭਿਆਚਾਰ ਜਾਂ ਭਾਸ਼ਾ ਦੀ ਮਹਿਮਾ ਦਾ ਸੁਆਲ ਬੇਮਾਅਨਾ ਹੈ।

ਪੰਜਾਬੀ ਯੂਨੀਵਰਸਟੀ, ਜਿਸ ਦੀ ਸਥਾਪਨਾ ਪੰਜਾਬੀ ਭਾਸ਼ਾ+ਸਭਿਆਚਾਰ ਨੂੰ ਚੜ੍ਹਤ ਵਿਚ ਰੱਖਣ ਦੀ ਸੀ, ਅਜਿਹੀ ਸਥਿਤੀ ਵਿਚ ਪੰਜਾਬੀ ਭਾਸ਼ਾ ਦੇ ਹੱਕ ਵਿਚ ਕੰਮ ਕਰਨ ਦਾ ਵਿਖਾਵਾ ਹੀ ਕਰ ਸਕਦੀ ਹੈ। ਇਹਦੇ ਵਾਈਸ ਚਾਂਸਲਰ ਸਾਹਿਬ ਦਿੱਲੀ ’ਚ ਸਿੱਖ ਸਿਆਸਤ ਦੇ ਕਾਰਜ ਕਰਤਾ ਰਹਿ ਚੁੱਕੇ ਹਨ। ਉਹ ਪੰਜਾਬੀ ਭਾਸ਼ਾ+ਸਾਹਿਤ ਦੇ ਵਿਕਾਸ ਪ੍ਰਤਿ ਚੋਖੇ ਪ੍ਰਤਿਬਧ ਹੋਣ ਦਾ ਦਾਅਵਾ ਕਰਦੇ ਹਨ। ਉਹ ਆਏ ਦਿਨ ਕੈਂਪਸ ’ਤੇ ਪੰਜਾਬੀ ਕਿਤਾਬਾਂ ਦੀ ਘੁੰਡ ਚੁਕਾਈ (ਜਿਸ ਨੂੰ ਸਾਹਿਤਕ ਭਾਸ਼ਾ ਵਿਚ ‘ਲੋਕ ਅਰਪਣ’ ਕਹਿੰਦੇ ਹਨ) ਕਰਦੇ ਹਨ। (ਕਿਤਾਬ ਦਾ ਹਸ਼ਰ ਬਾਅਦ ਵਿਚ ਕੀ ਹੁੰਦਾ ਹੈ, ਇਹ ਸੁਆਲ ਪ੍ਰਸੰਗਿਕ ਨਹੀਂ ਹੈ।) ਇਹ ਕਾਰਜ ਵਿਢਣ ਉਹ ਉਚੇਚੇ ਤੌਰ ’ਤੇ ਚੰਡੀਗੜ੍ਹ ਦੇ ਪਰੈੱਸ ਕਲਬ ਪੁੱਜੇ ਦੇਖੇ ਜਾਂਦੇ ਹਨ। ਯੂਨੀਵਰਸਟੀ ਵਲੋਂ ਤਿਆਰ ਕੀਤੀ ਕਿਤਾਬ ਦੀ ‘ਘੁੰਡ ਚੁਕਾਈ’ ਦੀ ਖਾਤਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬੁਲਾਂਦੇ ਹਨ ਜਾਂ ਆਪ ਉਨ੍ਹਾਂ ਦੇ ਦਵਾਰਾ ਕਿਤਾਬ ਸਮੇਤ ਹਾਜ੍ਰਰ ਹੁੰਦੇ ਹਨ। ਤਦ ਲੱਗਦਾ ਪੰਜਾਬੀ ਭਾਸ਼ਾ ਦਾ ਵਿਕਾਸ ‘ਘੁੰਡ ਚੁਕਾਈਆਂ’ ਦੁਆਲੇ ਘੁੰਮ ਰਿਹਾ। ਪਰ ਨਹੀਂ, ਉੱਦਮ ਹੋਰ ਵੀ ਹੁੰਦੇ ਹਨ। ਯੂਨੀਵਰਸਟੀ ਕੈਂਪਸ ’ਤੇ ਸਾਲ ’ਚ ਅੱਧੀ ਦਰਜਣ ਕਾਨਫਰੰਸਾਂ ਹੁੰਦੀਆਂ ਹਨ। ਮੰਤਰੀਆਂ, ਸਿਆਸੀ ਮੁਹਤਬਰਾਂ ਅਤੇ ਮੀਡੀਆ ਦੇ ਸੰਪਾਦਕਾਂ ਦੀ ਸ਼ਿਰਕਤ ਹੁੰਦੀ ਹਨ। ਪੰਜਾਬੀ ਵਿਕਾਸ ਦਾ ਮੁੱਦਾ ਵੀ. ਆਈ. ਪੀਜ਼ ਦੇ ਪ੍ਰੋਟੋਕੋਲ ਦੇ ਵਿਚ-ਵਿਚਾਲੇ ਘੁਲਮਿਲ ਜਾਂਦਾ ਹੈ। ਮੀਡੀਆ ਰਾਹੀਂ ਖਬਰਾਂ ਦੂਰ ਦਰਾਜ ਪੁੱਜਦੀਆਂ ਹਨ ਤਾਂ ਪ੍ਰਭਾਵ ਪੈਂਦਾ ਕਿ ਪੰਜਾਬੀ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ।

ਮੀਡੀਆ ਰਾਹੀਂ ਪੈਦਾ ਹੋਏ ਭੁਲਾਵੇ+ਦਿਖਾਵੇ ਨੂੰ ਜੇ ਸੱਚ ਮੰਨਿਆ ਜਾਵੇ ਤਾਂ ਚੋਖਾ ਸਕੂਨ ਮਿਲਦਾ ਹੈ। ਪਰ ਪੰਜਾਬੀ ਭਾਸ਼ਾ ਦੀ ਵੱਧ ਰਹੀ ਅਪ੍ਰਸੰਗਿਕਤਾ ਦਾ ਸੱਚ ਫਿਰ ਵੀ ਕਾਇਮ ਰਹਿੰਦਾ ਹੈ। ਪਿਛਲੇ ‘ਫ਼ਿਲਹਾਲ’ ਵਿਚ ਪੰਜਾਬੀ ਯੂਨੀਵਰਸਟੀ ਦੇ ਭਾਸ਼ਾ ਵਿਗਿਆਨ ਦੇ ਪ੍ਰੋਫੈਸਰ ਡਾਕਟਰ ਜੋਗਾ ਸਿੰਘ ਨੇ ਆਪਣੇ ਲੰਮੇ ਲੇਖ ਵਿਚ ਅੰਕੜੇ ਅਤੇ ਤਰਕ ਰਾਹੀਂ ਪ੍ਰਮਾਣਿਤ ਕੀਤਾ ਕਿ ਪੰਜਾਬੀ ਫੌਤ ਹੋਣ ਦੇ ਰਾਹੇ ਪਈ ਹੋਈ ਹੈ। ਅਗਲਾ ਪ੍ਰਮਾਣਿਤ ਤੱਥ ਇਹ ਹੈ ਕਿ ਅੱਜ ਤੱਕ ਪੰਜਾਬ ਦਾ ਕੋਈ ਸਭਿਆਚਾਰਕ ਟਿਕਾਓ ਸਥਲ ਨਹੀਂ ਹੈ। ਕੋਈ ਅਜਿਹਾ ਕੇਂਦਰ ਜਿਥੇ ਪੰਜਾਬੀ ਭਾਸ਼ਾ ਵਿਸ਼ਵ ਸਿਨੇਮਾ, ਪੇਂਟਿੰਗ, ਸੰਗੀਤ ਤੇ ਅੰਤਰ ਰਾਸ਼ਟਰੀ ਵਿਚਾਰ ਵਿਮਰਸ਼ ਨਾਲ ਅੰਤਰਨਾਤੇ ਵਿਚ ਬੱਝ ਸਕੇ। ਇਸ ਭਾਸ਼ਾ ਦਾ ਦਿੱਲੀ ਦੇ ਕਾਲਜਾਂ ਤੋਂ ਵੀ ਸਫ਼ਾਇਆ ਕੀਤਾ ਜਾ ਰਿਹਾ ਹੈ, ਜਿੱਥੇ ਪੰਜਾਬੀ ਨੂੰ ਦੂਸਰੀ ਭਾਸ਼ਾ ਐਲਾਨਿਆ ਜਾ ਚੁੱਕਾ ਹੈ।

ਫਿਲਹਾਲ ਦੇ ਨਵੇਂ ਅੰਕ ਦਾ ਕਵਰ ਪੇਜ

ਫਿਲਹਾਲ ਦੇ ਨਵੇਂ ਅੰਕ ਦਾ ਕਵਰ ਪੇਜ

 

ਅਗਲੀ ਗੱਲ, ਪੰਜਾਬ ਵਿਚ ਗ਼ੈਰ-ਪੰਜਾਬੀ ਕਾਮਾ ਵਰਗ ਦੀ ਨਿਰੰਤਰ ਵੱਧ ਰਹੀ ਵੱਸੋਂ ਕਰਕੇ ਸ਼ਹਿਰਾਂ ਤੇ ਕਸਬਿਆਂ ’ਚੋਂ, ਚੰਡੀਗੜ੍ਹ ਵਾਂਗ, ਪੰਜਾਬੀ ਸਥਾਨਿਕਤਾ ਦੇ ਨਿਸ਼ਾਨ ਮਿਟ ਰਹੇ ਹਨ। ਆਰਥਿਕ ਲਾਚਾਰੀ ਅਤੇ ਸਭਿਆਚਾਰਕ ਅਨਿਵਾਰਤਾ ਵਿਚਕਾਰ ਸਮੀਕਰਣ ਪੈਦਾ ਕਰਨ ਦੀ ਜੋ ਲੋੜ ਹੈ, ਉਸ ਨੂੰ ਮਹਿਸੂਸ ਨਹੀਂ ਕੀਤਾ ਜਾ ਰਿਹਾ, ਤੇ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ। ਅੱਜ ਪੰਜਾਬ ਦੀ ਸਥਾਨਿਕਤਾ ਗਲੋਬਲ ਆਰਥਿਕਤਾ ਰਾਹੀਂ ਪੈਦਾ ਹੋਏ ਖਪਤ ਸਭਿਆਚਾਰ ਦਾ ਮੁਕਾਬਲਾ ਕਰਨ ਦੇ  ਉੱਕਾ ਸਮਰਥ ਨਹੀਂ ਹੈ। ਇਸ ਘਟਾਓ ਵਾਲੀ ਸਥਿਤੀ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਦੀ ਹਾਕਮੀ ਏਲੀਤ ਦੀ ਮੁਹਾਣ ਕਾਰਪੋਰੇਟ ਸੈਕਟਰ ਰਾਹੀਂ ਪੰਜਾਬ ਦੇ ਅੰਦਰ-ਬਾਹਰ ਦੀ ਭੰਨਤੋੜ ਕਰਨ ਵਲ ਹੋ ਚੁੱਕੀ ਹੈ। ਨਤੀਜਾ :ਐਜੂਕੇਸ਼ਨ ਦਾ ਸਰੂਪ ‘ਕਾਰਪੋਰੇਟ ਐਜੂਕੇਸ਼ਨ’ ਵਾਲਾ ਹੁੰਦਾ ਜਾ ਰਿਹਾ ਹੈ। ਸੂਚਨਾ ਤਕਨੋਲਜੀ ਦੀ ਕ੍ਰਾਂਤੀ ਨਾਲ ਸੁਰੱਖਿਅਤ ਵਰਗ ਦੀ ਚੜ੍ਹਤ ਹੋਰ ਵਧੀ ਹੈ। ਪੰਜਾਬੀ ਭਾਸ਼ਾ ਦੀ ਬੇਕਦਰੀ ਦਾ ਪਸਾਰਾ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਨਿਤ ਦਿਨ ਵੱਧ ਰਿਹਾ ਹੈ। ਪੰਜਾਬ ਦੇ ਆਪਣੇ ਸ਼ਹਿਰਾਂ ਵਿਚ ਸਕੂਲ ਹਨ ਜਿਨ੍ਹਾਂ ਵਿਚ ਪੰਜਾਬੀ ਭਾਸ਼ਾ+ਸਭਿਆਚਾਰ ਨੂੰ ਅਛੂਤ ਸਮਝਿਆ ਜਾਂਦਾ ਹੈ।

ਜਿਸ ਆਮ ਪੰਜਾਬੀ ਬੰਦੇ ਦੀ ਅਸੀਂ ਗੱਲ ਕੀਤੀ ਹੈ, ਇਹ ਉਹੀ ਬੰਦਾ ਹੈ ਜਿਸ ਨੂੰ ਪੰਜਾਬ ਨਾਲ ਦਰਦ ਇਸ ਲਈ ਹੈ ਕਿਉਂਕਿ ਉਹ ਇਹਦੇ ਰਾਹੀਂ ‘ਹੁੰਦਾ’ ਹੈ, ਨਿਤ ਸਾਹ ਲੈਂਦਾ ਹੈ, ਹੋਰਾਂ ਨਾਲ ਜੁੜਦਾ ਤੇ ਹੁਲਾਸ ਦੇ ਲਮਹੇ ਬਿਤਾਂਦਾ ਹੈ। ਇਹ ਬੰਦਾ ਪੰਜਾਬ ਦੇ ਇਤਿਹਾਸ ਵਿਚ ਹਮੇਸ਼ਾਂ ਮੋਹਰੀ ਰਿਹਾ ਹੈ। ਇਹੀ ਬੰਦਾ ਪਹਿਲੀ ਆਲਮੀ ਜੰਗ ਵਿਚ ਭਰਤੀ ਹੋ ਕੇ ਯੌਰਪੀ ਮੋਰਚਿਆਂ ਵਿਚ ਲੜਿਆ ਹੈ। ਕਾਮਾ ਗਾਟਾ ਮਾਰੂ ਜਹਾਜ਼ ਦਾ ਸੂਰਮਾ ਇਹੀ ਬਣਿਆ। ਇਸੇ ਨੇ ਅਮਰੀਕਾ ਵਿਚ ਗ਼ਦਰ ਲਹਿਰ ਦੀ ਨੀਂਹ ਰੱਖੀ। ਇਸ ਪੰਜਾਬੀ ਬੰਦੇ ਨੇ ਆਜ਼ਾਦ ਹਸਤੀ ਤੇ ਸਵੈਮਾਨ ਵਾਲੀ ਜ਼ਿੰਦਗੀ ਦੀ ਖਾਤਰ ਹਮੇਸ਼ਾਂ ਕੁਰਬਾਨੀਆਂ ਦਿੱਤੀਆਂ ਹਨ। ਅੱਜ ਇਹੀ ਬੰਦਾ ਨਿਕਦਰਾ ਹੋਇਆ ਪਿਆ ਹੈ।
ਇਹ ਬੰਦਾ, ਆਮ ਕਿਰਤੀ ਕਿਸਾਨ, ਦਲਿਤ ਅਤੇ ਓ. ਬੀ. ਸੀ. ਵਰਗ ਦਾ ਬੰਦਾ, ਇਹਦੇ ਲਈ ਗੁਰੂ ਦਾ ਸ਼ਬਦ ਸਿਰਫ਼ ਧਾਰਮਿਕ ਅਕੀਦੇ ਤੱਕ ਸੀਮਤ ਨਹੀਂ, ਉਹਦੀ ਰਹਿਤਲ, ਸਭਿਆਚਾਰ, ਸਮਾਜਿਕ ਸਾਂਝ ਤੇ ਨੈਤਿਕ ਮੁੱਲਾਂ ਦਾ ਸਰੋਤ ਵੀ ਹੈ। ਇਹਨੇ ਗੁਰੂ ਦੇ ਨਾਂ ਨੂੰ ਕਿਸੇ ਦੂਜੇ ’ਤੇ ਧੋਂਸ ਜਮਾਉਣ, ਉਹਦੀ ਭਾਸ਼ਾ+ਸਭਿਆਚਾਰ ਦਾ ਹਨਨ ਕਰਨ ਲਈ ਨਹੀਂ ਵਰਤਿਆ। ਧਾਰਮਿਕ ਅਕੀਦੇ ਇਹਦੇ ਲਈ ਕੁਦਰਤ ਦੇ ਅਨੰਤ ਵਸੀਲਿਆਂ ਵਾਂਗ ਹਨ। ਇਹ ਵਸੀਲੇ ਇਹਦੇ ਵਜੂਦ ਨੂੰ ਤਾਕਤ ਦੇਂਦੇ ਹਨ। ਇਹ ਬੰਦਾ ਕੁਦਰਤ ਦੇ ਅਨੰਤ ਤੇ ਵਿਸ਼ਾਲ ਸੋਮਿਆਂ ਰਾਹੀਂ ਫੈਲਦਾ ਰਿਹਾ ਹੈ। ਇਹਦੇ ਸਿਰਜੇ ਲੋਕ ਗੀਤ, ਮਿੱਥਾਂ, ਲੋਕ ਕਹਾਣੀਆਂ ਆਦਿ, ਇਹਦੀ ਸਵੈ-ਖੁੱਲ੍ਹ ਦੇ ਦਸਤਾਵੇਜ਼ ਹਨ, ਇਹਦੀਆਂ ਅੰਤਹੀ ਆਵਾਜ਼ਾਂ ਹਨ। ਇਹ ਸਭ ਉਹਦੇ ਦੁਖਾਂ ਦਰਦਾਂ ਦੀ ਬਾਤ ਪਾਉਂਦੇ ਹਨ। ਇਨ੍ਹਾਂ ਇਕਾਈਆਂ ਰਾਹੀਂ ਹੀ ਇਸ ਬੰਦੇ ਦੀ ਪਛਾਣ ਕਾਇਮ ਹੈ। ਪੰਜਾਬ ਦੀ ਸਰਜ਼ਮੀਨ ਇਸ ਪਛਾਣ ਦਾ ਦਾਰੁਲ-ਖਲਾਫ਼ਾ ਹੈ। ਇਸ ਬੰਦੇ ਨਾਲ ਜੋ ਵਾਪਰ ਰਿਹਾ ਹੈ ਉਹਦੀ ਇਸ ਬੰਦੇ ਨੂੰ ਚੇਤਨਾ ਨਹੀਂ ਹੈ। ਇਹ ਹੰਭ ਗਿਆ ਲੱਗਦਾ ਹੈ। ਇਹ ਵਰਗਲਾਇਆ ਜਾ ਰਿਹਾ ਲੱਗਦਾ ਹੈ। ਇਹ ਸੋਚਦਾ ਦੇਸ ’ਚ ਇਹਦਾ ਕੁਝ ਨਹੀਂ ਬਣਨਾ, ਬਦੇਸ਼ ਵਿਚ ਜਾ ਕੇ ਦੇਖਦੇ ਹਾਂ।

ਪੰਜਾਬ ਵਿਚ ਰਹਿ ਕੇ ਸ਼ਾਇਦ ਇਹ ਕੁਝ ਵੀ ਕਰਨਾ ਨਹੀਂ ਚਾਹੁੰਦਾ। ਇਹ ਸ਼ਾਇਦ ਕੁਝ ਕਰਨ ਦੇ ਯੋਗ ਨਹੀਂ ਰਹਿ ਗਿਆ ਹੈ। ਕਿਉਂਕਿ ਪੰਜਾਬ ਦੀ ਹਵਾ, ਪਾਣੀ, ਪ੍ਰਦੂਸ਼ਿਤ ਹੋ ਚੁੱਕੇ ਹਨ। ਬਰਨਾਲਾ-ਬਠਿੰਡਾ-ਮਾਨਸਾ-ਮੁਕਤਸਰ ਦੀ ਪੱਟੀ ਅੱਜ ਕੈਂਸਰ ਦੇ ਫੈਲਾਅ ਕਰਕੇ ਜਾਣੀ ਜਾਂਦੀ ਹੈ ਜਾਂ ਬਾਦਲਾਂ ਦੇ ਬੇਮੁਹਾਰੇ ਆਰਥਿਕ ਸਿਆਸੀ ਪ੍ਰਭੁਤਵ ਕਰਕੇ। ਫਰੀਦਕੋਟ ਦੀ ਭੋਇੰ ’ਚ ਏਨਾ ਯੂਰੇਨਿਅਮ ਪੈਦਾ ਹੋਣ ਦੇ ਕਾਰਣ ਕਿਸੇ ਨੂੰ ਪਤਾ ਨਹੀ ਚਲ ਰਹੇ। ਇਕ ਪਾਸੇ ਆਮ ਪੰਜਾਬੀ ਬੰਦਾ ਭਾਸ਼ਾ ਮੁੱਲਹੀਣ ਹੋ ਰਹੀ ਹੈ, ਦੂਜੇ ਪਾਸੇ ਉਹਨੂੰ ਮੁਹੱਈਆ ਹੋਣ ਵਾਲੇ ਕੁਦਰਤ ਦੇ ਅਪਾਰ ਵਸੀਲੇ ਪ੍ਰਦੂਸ਼ਿਤ ਹੋ ਚੁੱਕੇ ਹਨ। ਅਜਿਹੇ ਬੰਦੇ ਦੀ ਰਚਨਾਤਮਿਕਤਾ ਨੂੰ ਕਾਇਮ ਰੱਖਣ ਦੇ ਸਬੱਬ ਮੁੱਕਦੇ ਦਿਖ ਰਹੇ ਹਨ। ਬਿਨਾਂ ਰਚਨਾਤਮਿਕਤਾ ਅਤੇ ਸ਼ੁੱਧ ਆਬੋ ਹਵਾ ਦੇ ਮਨੁੱਖ ਦੇ ਮਸਤਕੀ ਅਣੂ (ਨਿਓਰੋਨਜ਼) ਸਿੱਥਲ ਹੋ ਜਾਂਦੇ ਹਨ। ਮਹਾਂ ਨਗਰ, ਖਾਸ ਕਰਕੇ ਪੱਛਮੀ ਦੇਸਾਂ ਦੇ ਡਾਊਨ ਟਾਊਨ, ਜੁਰਮ ਦੇ ਕੇਂਦਰ ਇਸ ਕਰਕੇ ਹੀ ਬਣਦੇ ਹਨ, ਕਿਉਂਕਿ ਉੱਥੋਂ ਦੇ ਵਾਸੀਆਂ ਲਈ ਭਾਸ਼ਾ ਰਚਨਾਤਮਿਕਤਾ ਦਾ ਜ਼ੱਰੀਆ ਨਹੀਂ ਹੁੰਦੀ ਤੇ ਨਾ ਆਬੋ-ਹਵਾ ’ਚ ਕੁਦਰਤੀ ਜੁੰਬਸ਼ ਹੁੰਦੀ ਹੈ। ਅਜਿਹੇ ਵਾਸੀ ਦੇ ਮਸਤਕੀ ਅਣੂ ਰੋਗੀ ਹੋ ਜਾਂਦੇ ਹਨ, ਜਿਨ੍ਹਾਂ ਦੀ ਮੁਹਾਣ ਜ਼ਿੰਦਗੀ ਦੇ ਨਿਸ਼ੇਧ ਵਲ ਹੁੰਦੀ ਹੈ।

ਪੰਜਾਬ ਦੇ ਯੁਵਕਾਂ ਦਾ ਵਹੀਰਾਂ ਘਤ ਕੇ, ਜਾਨ ਤਲੀ ’ਤੇ ਰੱਖ, ਪੱਛਮੀ ਦੇਸ਼ਾਂ ਵਲ ਜਾਣਾ, ਤੇ ਵਿਚ-ਵਿਚਾਲੇ ਸਪੇਨ, ਤੁਰਕੀ ਜਾਂ ਯੂਨਾਨ ਦੀਆਂ ਜੇਲ੍ਹਾਂ ਵਿਚ ਜਾ ਪੁੱਜਣਾ, ਕੋਈ ਮਾਮੂਲੀ ਸੰਕਟ ਨਹੀਂ ਹੈ। ਜ਼ਾਹਿਰ ਹੈ, ਭੋਇੰਮੁਖ ਯੁਵਕ ਲਈ ਪੰਜਾਬ ਹੁਣ ਵਾਸਾ ਕਰਨ ਵਾਲੀ ਧਰਤੀ ਨਹੀਂ ਰਹੀ। ਰਿਸ਼ਵਤ, ਕੁਨਬਾ-ਪਰਵਰੀ, ਪੁਲਿਸ ਦੀ ਧੋਂਸ, ਮੁਜਰਮ+ਸਿਆਸਤ+ਅਫ਼ਸਰਸ਼ਾਹੀ ਦੀ ਮਿਲੀਭੁਗਤ, ਆਦਿ ਦੇ ਹੋਰ ਕੀ ਅਰਥ ਨਿਕਲਦੇ ਹਨ? ਏਨੀ ਵੱਡੀ ਪੱਧਰ ’ਤੇ ਜੋ ਨਸ਼ਿਆਂ ਦਾ ਸੇਵਨ ਹੋ ਰਿਹਾ ਇਹ ਆਕਾਸ਼ੋਂ ਡਿੱਗੀ ਆਫ਼ਤ ਨਹੀਂ ਹੈ। ਇਸ ਗੱਲ ਦੀ ਜਾਣਕਾਰੀ ਸਭ ਨੂੰ ਹੈ ਕਿ ਪੰਜਾਬ ਵਿਚ 4000 ਕਰੋੜ ਦਾ ਗ਼ੈਰ-ਕਾਨੂੰਨੀ ਡਰੱਗ ਧੰਦਾ ਹੁੰਦਾ ਹੈ ਜਿਸ ਵਿਚ ਸਿਆਸੀ ਜਮਾਤ ਦੀ ਸ਼ਿਰਕਤ ਹੈ। ਇਹ ਰਾਸ਼ੀ ਚੋਣਾਂ ਦੀ ਜਿੱਤ-ਹਾਰ ਦੇ ਸਿਲਸਿਲੇ ਵਿਚ ਖਪਤ ਹੁੰਦੀ ਹੈ।

ਕੁੱਲ ਮਿਲਾ ਕੇ, ਪੁੱਛਣਾ ਇਹ ਹੈ ਕਿ ਕਿਸੇ ਲੋਕਾਈ ਦੀ ਭਾਸ਼ਾ+ਸਭਿਆਚਾਰ ਦਾ ਹਨਨ ਕਰਨਾ, ਯੂਥ ਲਈ ਨਸ਼ਿਆਂ ਵਿਚ ਡੁੱਬਣ ਦੇ ਸਬੱਬ ਪੈਦਾ ਕਰਨੇ, ਜਾਂ ਬਦੇਸ਼ ਜਾਣ ਲਈ ਲਾਚਾਰ ਕਰਨਾ ਜਾਂ ਉਹਦੇ ਜੀਣ ਥੀਣ ਦੇ ਪ੍ਰਯਾਵਰਣ ਨੂੰ ਪ੍ਰਦੂਸ਼ਤ ਹੋਣ ਦੇਣਾ, ਅਤੇ ਇਸ ਸਭ ਨੂੰ ਵਾਪਰਦੇ ਦੇਖਦੇ ਰਹਿਣਾ, ਇਹ ਕਿਹੋ ਜਿਹੀ ਸਿਆਸਤ ਹੈ? ਕੀ ਇਹ ਸਿਆਸਤ ਆਤੰਕ ਤੋਂ ਸੱਖਣੀ ਹੈ?

 ♦

Advertisements
Posted in Authors, Essay, Gurbachan | Tagged , , , , , , | 1 Comment

ਤੇਰਾ ਲੁੱਟਿਆ ਸ਼ਹਿਰ ਭੰਬੋਰ…

ਗੁਰਬਚਨPossible

ਆਧੁਨਿਕ ਮਹਾਂ ਨਗਰ ਬਗ਼ੈਰ ਕੋਈ ਜਾਤੀ ਨਵੇਂ ਯੁੱਗ ‘ਚ ਦਾਖਲ ਨਹੀਂ ਹੋ ਸਕਦੀ।  ਬੰਗਾਲੀਆਂ ਕੋਲ ਕਲਕੱਤਾ ਹੈ, ਤਾਂ ਉਨ੍ਹਾਂ ਦੀ ਭਾਸ਼ਾ ਤੇ ਸਾਹਿਤ ਵਿਕਸਤ ਹਨ। ਬੰਗਾਲੀ ਸਿਨੇਮਾ ਅੱਧੀ ਸਦੀ ਪਹਿਲਾਂ ਵਿਸ਼ਵ ਪੱਧਰ ਦਾ ਹੋ ਚੁੱਕਾ ਸੀ। ਵਿਸ਼ਵੀਕਰਨ ਦੀ ਮਾਰ ਸਹਿਣ ਲਈ ਬੰਗਾਲੀ ਸਭ ਤੋਂ ਤਕੜੇ ਹਨ। ਮਰਾਠਿਆਂ ਕੋਲ ਮੁੰਬਈ ਹੈ, ਉਨ੍ਹਾਂ ਨੂੰ ਆਪਣੀ ਭਾਸ਼ਾ/ਸਭਿਆਚਾਰ ਤੇ ਗੌਰਵ ਹੈ। ਮਰਾਠੀ ਸਾਹਿਤ ਸੰਮੇਲਨ ਬੇਮਿਸਾਲ ਪੱਧਰ ਦਾ ਹੁੰਦਾ ਹੈ। ਏਦਾਂ ਦੀ ਤਾਕਤਵਰ ਸਥਾਨਿਕਤਾ ਵਾਲੀ ਸਭਿਆਚਾਰਕ ਜਾਤੀ ਕਿਸੇ ਪਰਾਈ ਵਿਰਾਟ ਮੌਜੂਦਗੀ ਚ ਵਿਲੀਨ ਨਹੀਂ ਹੋ ਸਕਦੀ, ਜਿਵੇਂ ਪੰਜਾਬੀ ਭਾਸ਼ਾ ਦੇ ਵਿਲੀਨ ਹੋਣ ਦਾ ਖਤਰਾ ਬਣਾ ਹੋਇਆ ਹੈ। ਤ੍ਰਾਸਦੀ ਇਹ ਹੈ ਕਿ ਇਸ ਚਿਤਰਪੱਟ ਬਾਰੇ ਪੰਜਾਬੀ ਬੰਦਾ ਫਿ਼ਕਰਮੰਦ ਨਹੀਂ। ਉਹਨੂੰ ਨਹੀਂ ਪਤਾ ਉਹਦੇ ਭਵਿੱਖ ਦਾ ਏਜੰਡਾ ਕੀ ਹੋਣਾ ਹੈ।

ਪਹਿਲੀ ਗੱਲ, ਪੰਜਾਬੀ ਬੰਦੇ ਕੋਲ ਏਦਾਂ ਦੀ ਸਪੇਸ ਜਾਂ ਮਹਾਂ ਨਗਰ ਨਹੀਂ ਜੋ ਇਹਦੀ ਮੂਲ ਸਥਾਨਿਕਤਾ ਨੂੰ ਆਧੁਨਿਕਤਾ ਵਲ ਸੇਧਿਤ ਕਰ ਸਕਦਾ ਹੋਵੇ। ਮਹਾਂ ਨਗਰ ਵਿਪ੍ਰੀਤ ਵਿਚਾਰਾਂ ਤੇ ਵੱਖਰੇ ਵਿਹਾਰ ਨੂੰ ਸਮਝਣ/ਪਰਖਣ ਦਾ ਸਥਲ ਹੁੰਦੇ ਹਨ। ਇਹ ਘੁਰਣਾ ਮਾਨਸਿਕਤਾ ਤੋਂ ਟੁੱਟਣ ਦਾ ਜ਼ੱਰੀਆ ਵੀ ਬਣਦੇ ਹਨ। ਨਵੀਂ ਵਿਦਿਆ ਤੇ ਤਕਨੋਲਜੀ ਰਾਹੀਂ ਭੋਇੰ ਨਾਲ ਬੱਝਾ ਮਨੁੱਖ, ਅੰਤਰ-ਸਭਿਆਚਾਰਾਂ ਦੀ ਕੁਠਾਲੀ ‘ਚ ਸਕ੍ਰੀਹ ਹੁੰਦਾ ਹੈ ਤੇ ਵਿਸ਼ਵ ਪ੍ਰਸੰਗਾਂ ਨਾਲ ‘ਰਿਲੇਟ’ ਹੋਣ ਲਈ ਆਵੇਸਿ਼ਤ ਹੁੰਦਾ ਹੈ। ਤਰਕ ਉਹਦਾ ਹਥਿਆਰ ਬਣਦਾ ਹੈ। ਅੱਜ ਤਬਦੀਲੀ ਦਾ ਇਹੀ ਪੱਥ ਹੈ।

ਪੰਜਾਬ ਦੇ ਹਵਾਲੇ ਨਾਲ ਸੱਚ ਇਹ ਹੈ ਕਿ ਜਿਸ ਪੰਜਾਬੀ ਬੰਦੇ ਦਾ ਰਾਹ ਆਧੁਨਿਕ ਦਿਸ਼ਾ ਵਲ ਹੈ ਉਹ ਭਾਵੁਕ ਤੇ ਮਾਨਸਿਕ ਤੌਰ ‘ਤੇ ਪੰਜਾਬ ਤੋਂ ਟੁੱਟ ਜਾਂਦਾ ਹੈ; ਤੇ ਜਿਹੜਾ ਜੁੜਿਆ ਰਹਿੰਦਾ ਹੈ ਉਹਦੀ ਅੱਜ ਦੇ ਯੁੱਗ ਚ ਪ੍ਰਸੰਗਿਕਤਾ ਖਤਮ ਹੁੰਦੀ ਜਾ ਰਹੀ ਹੈ, ਸਮੇਤ ਪੰਜਾਬੀ ਦੇ ਧੁਨੰਤਰ ਲੇਖਕਾਂ ਦੇ। ਇਹਦਾ ਮੁੱਖ ਕਾਰਣ ਕਿਸੇ ਅਜਿਹੀ ਵਿਰਾਟ ਵਿਸ਼ਵ ਦ੍ਰਿਸ਼ਟੀ ਵਾਲੀ ਸਪੇਸ ਦੀ ਅਣਹੋਂਦ ਹੈ ਜਿਸ ਦੀ ਨੀਂਹ ਤੇ ਉਸਾਰ ਪੰਜਾਬੀ ਸਥਾਨਿਕਤਾ ਨੂੰ ਮਜ਼ਬੂਤ ਕਰਨ ਵਾਲਾ ਹੋਵੇ। ਜ਼ਾਹਿਰ ਹੈ ਅਜਿਹੀ ਸਥਾਨਿਕਤਾ ਚ ਪੰਜਾਬੀ ਭਾਸ਼ਾ ਬੁਨਿਆਦੀ ਇਕਾਈ ਹੋਵੇਗੀ, ਜਿਵੇਂ ਕਲੱਕਤਾ ਚ ਅੰਗਰੇਜ਼ੀ ਦੀ ਪ੍ਰਧਾਨਤਾ ਦੇ ਬਾਵਜੂਦ ਬੰਗਾਲੀ ਨੂੰ ਅੱਵਲ ਦਰਜੇ ਦਾ ਸਥਾਨ ਪ੍ਰਾਪਤ ਹੈ; ਜਾਂ ਜਿਵੇਂ ਹੈਦਰਾਬਾਦ ਚ ਤੈਲੁਗੂ ਤੇ ਬੈਂਗਲੋਰ ਚ ਕੱਨੜ ਭਾਸ਼ਾ ਦੀ ਪ੍ਰਮੁੱਖਤਾ ਹੈ।

ਤਬਦੀਲੀ ਪਿੰਡਾਂ/ਕਸਬਿਆਂ ਚ ਨਹੀਂ ਵਾਪਰਦੀ। ਭੋਇੰ ਨਾਲ ਬੱਝਾ ਮਨੁੱਖ ਤਬਦੀਲੀ ਤੋਂ ਤ੍ਰਹਿੰਦਾ ਹੈ। ਆਪਣੀ ਹੀਣ ਭਾਵਨਾ ਚ ਉਹ ਵਿਸ਼ਵ ਚ ਜੋ ਵਾਪਰਦਾ ਉਹਦੇ ਤੋਂ ਕਿਨਾਰਾ-ਕੱਸ਼ੀ ਕਰੀ ਰੱਖਦਾ ਹੈ, ਤੇ ਨਿਤ ਤਾਕਤਹੀਣ ਹੋਈ ਜਾਂਦਾ ਹੈ। ਉਹ ਆਪਣੀ ਅਲਪ ਸਥੂਲਤਾ ਚ ਸੀਮਤ ਰਹਿਣ ਚ ਭਲਾਈ ਸਮਝਦਾ ਹੈ। ‘ਘੁਰਣਾ ਮਾਨਸਿਕਤਾ’ ਬੜਾ ਖਤਰਨਾਕ ਤੇ ਆਪਾ-ਮਾਰੂ ਰੁਝਾਣ ਹੈ। ਇਸ ਕਰਕੇ ਹੀ ਅੱਜ ਪੰਜਾਬ ਦੇ ਪਿੰਡਾਂ/ਕਸਬਿਆਂ ਚ ਰਹਿੰਦਾ ਬੰਦਾ ਬੌਧਿਕ ਤੌਰ ਤੇ ਸਮੇਂ ਤੋਂ ਪਿਛਾਂਹ ਰਹਿ ਗਿਆ ਹੈ। ਬਦੇਸ਼ਾਂ ਚ ਪੁੱਜਣ ਦੀ ਉਹਦੀ ਅਵਾਜ਼ਾਰੀ ਇਸ ਕਰਕੇ ਹੀ ਸਮਝ ਪੈਂਦੀ ਹੈ। ਉਹ ਆਪਣੀ ਬੇਗ਼ਾਨਗੀ ਤੋਂ ਆਰਥਿਕਤਾ ਰਾਹੀਂ ਮੁਕਤ ਹੋਣਾ ਚਾਹੁੰਦਾ ਹੈ,  ਨਾ ਜਾਣਦਿਆਂ ਹੋਇਆਂ ਕਿ ਅੱਜ ਦੇ ਯੁੱਗ ਚ ਤਾਕਤ ਦੇ ਅਸਲੀ ਸਰੋਤ ‘ਗਿਆਨ’ ‘ਚ ਪਏ ਹਨ। ਗਿਆਨ ਪ੍ਰਾਪਤ ਕਰਕੇ ਹੀ ਉਹ ਤਬਦੀਲੀ ਦੀਆਂ ਇਕਾਈਆਂ ਨੂੰ ਆਪਣੇ ਅਨੁਕੂਲ ਢਾਲ ਸਕਦਾ ਹੈ, ਵਿਵੇਕੀ ਬਣ ਸਕਦਾ ਹੈ, ਵਰਨਾ ਪਦਾਰਥਿਕਤਾ ਦੀ ਹੂੰਝ ਚ ਉਹਦਾ ਸਮੇਟਿਆ ਜਾਣਾ ਤੈਅ ਹੈ।

ਪੱਛਮ ‘ਚ ਵਾਸਾ ਕਰਨ ਬਾਦ ਵੀ ਇਹ ਬੰਦਾ ਪਿਛਾਂਹ ਦੀ ਅਲਪ ਸਥੂਲਤਾ ਤੋਂ ਮੁਕਤ ਨਹੀਂ ਹੁੰਦਾ। ਕੈਨੇਡਾ ਚ ਪੰਜਾਬੀ ਔਰਤਾਂ ਦੇ ਆਪਣੇ ਮਰਦਾਂ ਹੱਥੋਂ ਨਿਤ ਵੱਧਦੇ ਕਤਲ ਇਸ ਬੰਦੇ ਦੇ ਜਿ਼ਹਨੀ ਘਮਸਾਣ ਨੂੰ ਪ੍ਰਗਟ ਕਰਦੇ ਹਨ। ਇਸ ਘਮਸਾਣ ਦੀ ਨੀਂਹ ਅੱਜ ਦੇ ਪੰਜਾਬ ਚ ਰੱਖੀ ਜਾਂਦੀ ਹੈ।

ਪਹਿਲਾਂ ਪੰਜਾਬੀ ਬੰਦੇ ਕੋਲੋਂ ਲਾਹੌਰ ਖੁੱਸਾ; ਉਹ ਲਾਹੌਰ ਤੋਂ ਦਿੱਲੀ ਪੁੱਜਾ, ਪਰ ਕਿਹੜਾ ਬੰਦਾ ਲਾਹੌਰ ਤੋਂ ਦਿੱਲੀ ਪੁੱਜਾ? ਉਹ ਜਿਸ ਦੇ ਫਿ਼ਕਰ ਪੰਜਾਬ ਤੋਂ ਟੁੱਟ ਚੁੱਕੇ ਸਨ। ਪੰਜਾਬੀ ਭਾਸ਼ਾ/ਸਾਹਿਤ ਤੇ ਕਲਾ ਨਾਲ ਜੁੜੇ ਨਾਂ ਵੀ ਦਿੱਲੀ ਪੁੱਜ ਗਏ। ਉੱਥੇ ਉਹ ਸਥਾਪਨਾ ਦੇ ਮਰੁੰਡੇ ਖਾਣ ‘ਚ ਮਸਰੂਫ਼ ਹੋ ਗਏ। ਪੰਜਾਬ ‘ਚ ਮੱਚਦੇ ਘਮਸਾਣ ਤੋਂ ਉਨ੍ਹਾਂ ਨੂੰ ਅਵਾਜ਼ਾਰੀ ਹੋਣ ਲੱਗੀ। ਇਵੇਂ ਦਿੱਲੀ ਏਦਾਂ ਦੇ ਪੰਜਾਬੀਆਂ ਦਾ ਹੋ ਗਿਆ  ਜੋ ਪੰਜਾਬ ਦੀ ਤਕਦੀਰ ਤੋਂ ਟੁੱਟੇ ਹੋਏ ਸਨ। ਉਨ੍ਹਾਂ ਅੰਦਰ ਆਪਣੀ ਸਭਿਆਚਾਰਕ ਸਥਾਨਿਕਤਾ ਦਾ ਸੰਕਲਪ ਗ਼ਾਇਬ ਹੋ ਗਿਆ। ਪੰਜਾਬ ਦੇ ਬੰਦੇ ਅਤੇ ਦਿੱਲੀ-ਵਾਸੀ  ਪੰਜਾਬੀ ਬੰਦੇ ਵਿਚ  ਪਾੜਾ ਵੱਧਦਾ ਗਿਆ। ਪੰਜਾਬ ਦੇ ਪਿੰਡਾਂ ਤੋਂ ਜਿਹੜੇ ਦਿੱਲੀ ਜਾ ਵੱਸਦੇ ਰਹੇ ਉਹ ਕਦੇ ਦਿੱਲੀ ਦੇ ਨਾ ਹੋ ਸਕੇ। ਦਿੱਲੀ ਚ ਨਾ ਪੰਜਾਬੀ ਸਭਿਆਚਾਰ ਅਤੇ ਨਾ ਪੰਜਾਬੀ ਭਾਸ਼ਾ/ਸਾਹਿਤ ਜੜ੍ਹਾਂ ਪਕੜ ਸਕੇ। ਪੰਜਾਬੀ ਸਾਹਿਤਕਾਰੀ ਦੀ ਜਿਸ ਤਰ੍ਹਾਂ ਦਿੱਲੀ ਚ ਭਰਪੂਰ ਮੌਜੂਦਗੀ ਸੀ ਉਹ ਅੱਜ ਫੌਤ ਹੋਣ ਕਿਨਾਰੇ ਪੁੱਜ ਚੁੱਕੀ ਹੈ। ਜੈਨੁਅਨ ਲੇਖਕ ਅਗਲੇ ਸੰਸਾਰ ਵਲ ਕੂਚ ਕਰਦੇ ਜਾ ਰਹੇ ਹਨ ਤੇ ਅਰਧ ਲੇਖਕ ਉਨ੍ਹਾ ਦੀ ਥਾਂ ਸੰਭਾਲ ਰਹੇ ਹਨ।

ਚੰਡੀਗੜ੍ਹ ਦਾ ਪੰਜਾਬੀ ਸਥਾਨਿਕਤਾ ਦਾ ਗੜ੍ਹ ਬਣਨ ਦੀ ਸੰਭਾਵਨਾ ਹਮੇਸ਼ਾਂ ਲਈ ਖਤਮ ਹੋ ਚੁੱਕੀ ਹੈ। ਕਿਸ ਏਜੰਡੇ ਤਹਿਤ ਚੰਡੀਗੜ੍ਹ ਸ਼ਹਿਰ ਗ਼ੈਰ-ਪੰਜਾਬੀ ਸ਼ਹਿਰ ਹੋ ਗਿਆ ਹੈ? ਜੇ ਚੰਡੀਗੜ੍ਹ ਪੰਜਾਬ ਨੂੰ ਮਿਲ ਵੀ ਜਾਂਦਾ ਹੈ ਤਾਂ ਇਹਦੀ ਪੰਜਾਬੀ ਪਛਾਣ ਉੱਕਾ ਮਿੱਟ ਚੁੱਕੀ ਹੈ, ਪੰਜਾਬ ਲਈ ਇਹ ਨਕਾਰਾ ਹੋ ਚੁੱਕਾ ਹੈ। ਇਸ ਸ਼ਹਿਰ ਵਿਚ ਹਰ ਵੱਡੀ ਸੰਸਥਾ ਉੱਤੇ ਜਿਨ੍ਹਾਂ ਦਾ ਕਬਜ਼ਾ ਹੈ ਉਨ੍ਹਾ ਦੇ ਹਿੱਤ ਪੰਜਾਬ ਨਾਲ ਸਾਂਝੇ ਨਹੀਂ ਹਨ। ਪੰਜਾਬ ਯੂਨੀਵਰਸਟੀ ਨੂੰ ਸੈਂਟਰਲ ਯੂਨੀਵਰਸਟੀ ਬਨਾਣ ਦੀ ਮੰਗ ਪਿੱਛੇ ਵੀ ਇਹੀ ਕਾਰਣ ਹੈ।

ਆਧੁਨਿਕ ਸਪੇਸ ਦੀ ਸੰਭਾਵਨਾ ਦੇ ਨਾ ਪੈਦਾ ਹੋਣ ਦੇ ਗੰਭੀਰ ਸਿੱਟੇ ਨਿਕਲ ਰਹੇ ਹਨ। ਪੰਜਾਬ ਦਾ ਯੂਥ ਪਿੰਡ ਤੋਂ ਟੁੱਟਦਾ ਹੈ ਤੇ ਜਾਲੰਧਰ, ਫਗਵਾੜਾ ਜਾਂ ਲੁਧਿਆਣਾ ਵਰਗੇ ਸ਼ਹਿਰਾਂ ਦੇ ਘੜਮੱਸ/ਬੇਤਰਤੀਬੀ ‘ਚ ਜਾ ਪੁੱਜਦਾ ਹੈ; ਜਿੱਥੇ ਕੈਨੇਡਾ/ਅਮਰੀਕਾ ਪਹੁੰਚਾਣ ਦਾ ਝਾਂਸਾ ਦੇਣ ਵਾਲੇ ਉਹਦੀ ਉਡੀਕ ਕਰ ਰਹੇ ਹੁੰਦੇ ਹਨ। ਅਜਿਹਾ ਬੰਦਾ  ਹਮੇਸ਼ਾ ਕਸਬਈ ਰਹਿੰਦਾ ਹੈ। ਇਹਦਾ ਚਿੱਤ/ਚੇਤਨ ਲੰਡਨ ਜਾਂ ਵੈਨਕੂਵਰ ਰਹਿ ਕੇ ਵੀ ਬੰਗਾ/ਨਵਾਂ ਸ਼ਹਿਰ ਦੇ ਚੌਗਿਰਦੇ ਤੋਂ ਅਗਾਂਹ ਨਹੀਂ ਜਾਂਦਾ। ਇਹੀ ਬੰਦਾ ਪੱਛਮੀ ਦੇਸ਼ਾਂ ਚ ਮਾਈਕ੍ਰੋ ਤਰਜ਼ ਦਾ ਜਾਲੰਧਰ/ਫ਼ਗਵਾੜਾ ਉਸਾਰਦਾ ਹੈ ਤੇ ਆਪਣੇ ਦੁਆਲੇ ਜ਼ੰਜੀਰਾਂ ਤਾਣ ਲੈਂਦਾ ਹੈ। ਨੌਟਿੰਘਮ (ਇੰਗਲੈਂਡ) ਚ ਇਕ ਬੰਦਾ ਅਜਿਹਾ ਹੈ ਜੋ  ਚਾਲੀ ਸਾਲ ਉੱਥੇ ਰਹਿ ਕੇ ਵੀ ਕਦੇ ਲੰਡਨ ਨਹੀਂ ਗਿਆ। ਸਾਊਥਾਲ ‘ਚ ਰਹਿਣ ਵਾਲੇ ਸੈਂਕੜੇ ਲੋਕ ਹਨ ਜੋ ਨਹੀਂ ਜਾਣਦੇ ਕਿ ਉਹ ਲੰਡਨ ਸ਼ਹਿਰ ਦਾ ਹਿੱਸਾ ਹਨ।

ਬਦੇਸ਼ਾਂ ‘ਚ ਜਾ ਵੱਸਣ ਵਾਲੇ 90 ਫੀ ਸਦੀ ਪੰਜਾਬੀ ਲੇਖਕਾਂ ਦਾ ਵੀ ਇਹੀ ਹਾਲ ਹੈ। ਉਹ ਪੱਛਮੀ ਦੇਸਾਂ ਚ ਰਹਿ ਕੇ ਸਭ ਤੋਂ ਪਹਿਲਾਂ ਉੱਥੋਂ ਦੇ ਸਾਹਿਤ, ਕਲਾ, ਪੇਂਟਿੰਗ, ਸਿਨੇਮਾ ਆਦਿ ਨਾਲ ਕਦੇ ਵੀ ਨਾ ਜੁੜਨ ਦੀ ਕਸਮ ਖਾਂਦੇ ਹਨ। ਆਪਣੇ ਮਾਨਸਿਕ ਖਤਿੱਜਾਂ ਨੂੰ ਵਿਸ਼ਾਲਣ ਦੀ ਜਗ੍ਹਾ ਦਹਾਕਿਆਂ ਤੱਕ ਇਹਨੂੰ ਪਿਛਾਂਹ ਦੀ ਅਲਪ ਸਥੂਲਤਾ ਦਾ ਅਨੁਸਾਰੀ ਬਣਾਈ ਰੱਖਦੇ ਹਨ। ਇਹਦਾ ਪਤਾ ਉਨ੍ਹਾਂ ਦੀ ਰਚੀ ਭਾਸ਼ਾ ਅਤੇ ਸਾਹਿਤਕ ਵਿਹਾਰ ਤੋਂ ਲੱਗਦਾ ਹੈ। ਇਹ ਖੜੋਤ ਨਹੀਂ, ਜੜ੍ਹਤਾ ਹੈ।

ਕਿਸੇ ਆਧੁਨਿਕ ਮਹਾਂ ਨਗਰ ਤੋਂ ਸੱਖਣਾ ਅੱਜ ਦਾ ਪੰਜਾਬ ਇਸ ਜੜ੍ਹਤਾ ਦਾ ਉਪਜ ਸਥਲ ਹੈ।

 

Posted in Agenda, Authors, Essay, Gurbachan, Literature | Tagged , , | 1 Comment

ਰੱਬੀ ਸ਼ੇਰਗਿੱਲ : ਪੰਜਾਬ ਲਈ ਮਸਲਾ ਹੁਣ ਸਰਵਾਈਵਲ ਦਾ ਹੈ

 ਰੱਬੀ ਸ਼ੇਰਗਿੱਲ ਨਾਲ ਹਰਪ੍ਰੀਤ ਕਾਹਲੋਂ ਦੀ ਮੁਲਾਕਾਤ      

Tulips

ਰੱਬੀ ਸ਼ੇਰਗਿੱਲ ਗਾਉਂਦਾ ਹੀ ਨਹੀਂ, ਜੋ ਗਾਉਂਦਾ ਉਹਦੇ ਬਾਰੇ ਸੋਚਦਾ ਵੀ ਹੈ। ਦਰਸ਼ਨ ਸ਼ਾਸ਼ਤਰ ਦੀ ਪੀ.ਐੱਚ.ਡੀ ਕੀਤੇ ਹੋਏ ਰੱਬੀ ਦਾ ਸੰਗੀਤ ਬਾਰੇ ਆਪਣਾ ਫ਼ਲਸਫ਼ਾ ਹੈ। ਉਹਦਾ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਸੁਆਲੀਆ ਹੈ।  ਰੱਬੀ ਨੇ ਸੂਫ਼ੀ ਸੰਗੀਤ ਤੇ ਗਿਟਾਰ ਦਾ ਅੰਤਰ-ਮਿਲਾਪ (ਫ਼ਿਊਜ਼ਨ) ਕੀਤਾ ਹੈ। ਜ਼ਾਹਿਰ ਹੈ, ਅਜਿਹੇ ਕਲਾਕਾਰ ’ਚ ਸਿਰਜਣ ਦੇ ਨਾਲ ਵਿਸਰਜਣ ਦੀ ਤਾਂਘ ਵੀ ਹੁੰਦੀ ਹੈ। ਰੱਬੀ ਦਾ ਹੁਨਰ ਸੰਗੀਤਕ ਸੁਹਜ ਨਾਲ ਸਰੋਤਿਆਂ ਦੀ ਸੁਰਤ ’ਤੇ ਦਸਤਕ ਦੇਂਦਾ ਹੈ। ਰਚਨਾ ‘ਜੁਗਨੀ’ ਇਹਦੀ ਮਿਸਾਲ ਹੈ। ਉਹਨੇ ਕਸ਼ਮੀਰ ਦੀ ਸਮੱੱਸਿਆ ਨੂੰ ਛੁਹਿਆ ਹੈ; ਪੰਜਾਬ ਦੀ ਬੇਰੁਜ਼ਗਾਰੀ ਕਾਰਣ ਵਿਦੇਸ਼ਾਂ ’ਚ ਹੋ ਰਹੇ ਪਰਵਾਸ ਨੂੰ ਬਿਆਨਿਆ ਹੈ। ‘ਬੁੱਲ੍ਹਾ ਕੀ ਜਾਣੇ ਮੈਂ ਕੌਣ’ ਰਾਹੀਂ ਉਹਨੇ ਰਵਾਇਤੀ ਲੋਰ ਅਤੇ ਪੱਛਮੀ ਜੋੜ ਦਾ ਅੰਤਰ-ਮੇਲ ਕੀਤਾ। ਅਜਿਹਾ ਸੰਗੀਤ ਨੌਜਵਾਨ ਦਿਲਾਂ ਨੂੰ ਟੁੰਬਦਾ ਹੈ।  ਰੱਬੀ ਦੀ ਪਹਿਲੀ ਐਲਬਮ ’ਚ ਗੀਤ ਹੈ : ‘ਤੋਤਿਆ ਮਨਮੋਤਿਆ’, ਜਿਸ ਵਿਚ ਸੂਫ਼ੀ ਰੰਗ ਤੇ ਦੁਨਿਆਵੀ ਭਾਵਨਾਵਾਂ ਦਾ ਚਿਤਰਣ ਹੈ। ਦੱਸਿਆ ਹੈ ਕਿ ਮਨੁੱਖੀ ਇਖਲਾਕ ਦਾ ਦੋਹਰਾਪਣ ਕਿੰਨਾ ਖਤਰਨਾਕ ਹੁੰਦਾ ਹੈ। ਪਿੱਛੇ ਜਿਹੇ ਮੈਨੂੰ ਰੱਬੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਮੇਰੇ ਸੁਆਲਾਂ ਦਾ ਜੋ ਉਸਨੇ ਜੁਆਬ ਦਿੱਤਾ ਉਹ ਹੇਠ ਦਰਜ ਹੈ :

?   ਤੁਸੀਂ ਆਪਣੀ ਨਵੀਂ ਐਲਬਮ ਦਾ ਨਾਮ ‘ਥ੍ਰੀ’ ਰੱਖਿਆ। ਕੋਈ ਹੋਰ ਨਾਮ ਨਹੀਂ ਸੁੱਝਿਆ?

–  ਅਜੋਕੇ ਸੰਸਾਰ ਵਿੱਚ ‘ਇਨਫੋਰਮੇਸ਼ਨ ਲੋਡ’ ਬਹੁਤ ਹੈ। ਅਜਿਹੇ ਮਿਜਾਜ਼ ’ਚ ਅਸੀਂ ਨਾਮ ਜਸਟ ‘ਥ੍ਰੀ’ ਰੱਖ ਦਿੱਤਾ ਕਿ ਲੋਕ ਸਿਰਫ ਐਲਬਮ ਨੂੰ ਖਰੀਦਣ ਤੇ ਉਹਨਾਂ ਨੂੰ ਸ਼ੁਰੂ ’ਚ ਹੀ ਦਿਮਾਗੀ ਖਪਾਈ ਨਾ ਕਰਨੀ ਪਵੇ। ਅੰਤ ਲੋਕਾਂ ਨੇ ਗੀਤਾਂ ਕਰਕੇ ਹੀ ਐਲਬਮ ਨਾਲ ਜੁੜਨਾ ਹੁੰਦਾ ਹੈ।

?   ਕਿਹਾ ਜਾਂਦਾ ਕਿ ਨਾਮ ਵਿੱਚ ਅਸਲ ਦਾ ਵਜੂਦ ਲੁਕਿਆ ਹੁੰਦਾ। ਨਾਮ ਕਿਸੇ ਨੂੰ ਬੇਪਛਾਣਾ ਹੋਣ ਤੋਂ ਬਚਾਉਂਦਾ ਹੈ।

–  ਨਾਮ ਮਤਲਬ ਗ੍ਰਹਿਣ ਕਰਦਾ ਜਦ ਇਹ ਕਿਰਿਆ ਬਣਦਾ। ‘ਬੀਟਲ’ ਦਾ ਕੋਈ ਮਤਲਬ ਨਹੀਂ। ਨਾਮ ਪਹਿਲਾਂ ਕਦਮ ਤਾਂ ਹੋ ਸਕਦਾ ਹੈ ਪਰ ਅਸਲੀ ਪਛਾਣ ਤਾਂ ਇਹਦੀ ਕਿਰਿਆ ਤੋਂ ਹੁੰਦੀ ਹੈ। ਮੇਰੇ ਗੀਤ ਹੀ ਇਨ੍ਹਾਂ ਦੀ ਅਸਲ ਪਛਾਣ ਤੈਅ ਕਰਦੇ ਹਨ। ਬੀਟਲਜ਼ ਸਭ ਤੋਂ ਵੱਡਾ ਬੈਂਡ ਹੋਇਆ। ਏਥੇ ਬੀਟਲਜ਼ ਦਾ ਕੀ ਅਰਥ ਕੱਢਾਂਗੇ?

?  ਪੰਜਾਬ ਦੇ ਮਾਝੇ ਇਲਾਕੇ ਦੀ ਰੂਹਾਨੀਅਤ ਨੂੰ ਤੁਸੀ ਹਮੇਸ਼ਾ ਯਾਦ ਰੱਖਿਆ ਲੱਗਦਾ।

–  ਪੰਜਾਬੀਅਤ ਦਾ ਪੁੰਗਰਿਆ ਬੂਟਾ ਮੈਨੂੰ ਮਾਝੇ ’ਚ ਦਿਖਦਾ ਹੈ। ਆਧੁਨਿਕ ਪੰਜਾਬੀ ਸਾਹਿਤ ਦਾ ਜੇ ਨੀਂਹ ਪੱਥਰ ਵੇਖਣਾ ਚਾਹੁੰਦੇ ਹੋ ਤਾਂ ਮਾਝੇ ’ਚ ਮਿਲਦਾ ਹੈ। ਭਾਈ ਵੀਰ ਸਿੰਘ,ਪ੍ਰੋ. ਪੂਰਨ ਸਿੰਘ, ਗੁਰਬਖ਼ਸ਼ ਸਿੰਘ ਜਾਂ ਨਾਨਕ ਸਿੰਘ, ਸਾਰੇ ਮਾਝੇ ਤੋਂ ਹਨ। ਫਿਰ ਹਰਿਭਜਨ ਸਿੰਘ, ਸ਼ਿਵ ਕੁਮਾਰ ਬਟਾਲਵੀ। ਵੱਡੇ ਨਾਵਾਂ ਦੀ ਇੱਕ ਲੰਮੀ ਲੜੀ ਹੈ। ਸਿੱਖੀ ਦਾ ਬੂਟਾ ਮਾਝੇ ’ਚ ਪੁੰਗਰਦਾ ਹੈ।

?  ਇਸ ਵਾਰ ਆਪਣੀ ਐਲਬਮ ਨੂੰ ਪਰਚਾਰਨ ਦਾ ਜ਼ਰੀਆ ਇੰਟਰਨੈੱਟ ਕਿਉਂ ਚੁਣਿਆ ? ਕੀ ਰਵਾਇਤੀ ਤਰੀਕਿਆਂ ’ਤੇ ਵਿਸ਼ਵਾਸ ਨਹੀਂ ਰਿਹਾ?

– ਜ਼ਮਾਨੇ ਦੇ ਬਦਲ ਰਹੇ ਮਿਜਾਜ਼ ’ਚ ਇੰਟਰਨੈੱਟ ਸਭ ਤੋਂ ਵਧੀਆ ਬਦਲ ਹੈ। ਇਸ ਰਾਹੀ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਗੱਲ ਪਹੁੰਚਾਈ ਜਾ ਸਕਦੀ ਹੈ। ਟੈਲੀਵਿਜ਼ਨ ਨੂੰ ਤਾਂ ਲਹੂ ਲੱਗਿਆ ਹੋਇਆ ਹੈ। ਇੰਟਰਨੈੱਟ ਦੀ ਤਾਕਤ ਨੂੰ ਅਸੀ ਸਤਿੰਦਰ ਸਰਤਾਜ ਦੇ ਹਵਾਲੇ ਨਾਲ ਬਾਖ਼ੂਬੀ ਸਮਝ ਸਕਦੇ ਹਾਂ।

?  ਨਵੀਂ ਐਲਬਮ ‘ਥ੍ਰੀ’ ਬਾਰੇ ਕੁਝ ਦੱਸੋ।

– ਇਸ ਐਲਬਮ ’ਚ 9 ਗੀਤ ਹਨ ਜਿਨ੍ਹਾਂ ਚੋਂ 6 ਪੰਜਾਬੀ, 2 ਹਿੰਦੀ ਤੇ 1 ਇੰਨਸਟਰੂਮੈਂਟਲ ਹੈ। ਇਸ ਵਿਚਲਾ ਗੰਗਾ ਗੀਤ ਪੌਪ ਹੈ ਜੋ ਇਸ ਸੁਨੇਹੇ ਨਾਲ ਉਤਰਦਾ ਹੈ ਕਿ ਜ਼ਿੰਦਗੀ ਉਸ ਤਰ੍ਹਾਂ ਨਹੀਂ ਹੁੰਦੀ ਜੋ ਦਿੱਸਦੀ ਹੈ। ਕਾਇਦੇ ਕਾਨੂੰਨਾਂ ਤੋਂ ਬਾਹਰ ਵੀ ਇੱਕ ਦੁਨੀਆ ਹੈ। ਦੱਸਿਆ ਗਿਆ ਹੈ ਕਿ ਕੁਦਰਤੀ ਜੀਵਨ ਹੀ ਜ਼ਿੰਦਗੀ ਦਾ ਅਸਲ ਰਾਹ ਹੈ। ਦੂਜਾ ਗੀਤ ਕੈਬਰੇ ਵਾਇਮਰ 1920-30 ਦੇ ਜਰਮਨ ’ਚ ਉਸ ਪੀਰਿਅਡ ਵੱਲ ਇਸ਼ਾਰਾ ਕਰਦਾ ਹੈ ਜਦ ਕੈਬਰੇ ਕਲਚਰ ਬੁਲੰਦੀ ’ਤੇ ਸੀ – ਕਿ ਕਿਵੇਂ ਜਰਮਨ ਲੋਕ ਤਦ ਅੱਯਾਸ਼ੀ ’ਚ ਗ਼ਲਤਾਨ ਸਨ ਤੇ ਉਸ ਤੋਂ ਬਾਅਦ ਹਿਟਲਰ ਯੁੱਗ ਤੱਕ ਸੱਭਿਅਤਾ ਦਾ ਬੇੜਾ ਗ਼ਰਕ ਹੋਇਆ। ਇਹੋ ਕੁਝ, ਇਸੇ ਤਰ੍ਹਾਂ ਦਾ ਮਨੋਰੰਜਨ ਅੱਜੋਕੇ ਸਮੇਂ ’ਚ ਦਿੱਲੀ, ਮੁੰਬਈ ਤੇ ਕੋਲਕਾਤਾ ਦੇ ਕੈਬਰਿਆਂ ’ਚ ਅਤੇ ਪੰਜਾਬ ਦੀ ਗਾਇਕੀ ’ਚ ਵੇਖਿਆ ਜਾ ਰਿਹਾ ਹੈ। ਐਲਬਮ ਵਿਚ ਇਕ ਹੋਰ ਗਾਣਾ ਹੈ : ‘ਤੂੰ ਹੀ’। ਇਹ ਰੂਹਾਨੀਅਤ ਦੇ ਆਸਰੇ ਦਾ ਗੀਤ ਹੈ, ਜਿਸ ’ਚ ਦੱਸਵੇਂ ਗੁਰੂ ਸਾਹਿਬ ਦੀ ਬਾਣੀ ਤੋਂ ਪ੍ਰੇਰਣਾ ਲਈ ਗਈ ਹੈ। ਇਹਦਾ ਮਿਜਾਜ਼ ਹੈ ਕਿ ਖੁਸ਼ੀ ਛੋਟੀਆਂ ਚੀਜ਼ਾਂ ’ਚ ਖੁਸ਼ੀ ਲੁਕੀ ਹੋਈ ਹੈ। ਵੱਡੀਆਂ ਖੁਸ਼ੀਆਂ ਨੇ ਸਾਨੂੰ ਸੁੰਨ ਕਰ ਦਿੱਤਾ ਹੈ।

?   ਤੁਹਾਡੀ ਪਹਿਲੀ ਐਲਬਮ ‘ਬੁੱਲ੍ਹਾ’  ਸੀ। ਫਿਰ ਆਈ ‘ਆਵੇਂਗੀ ਜਾਂ ਨਹੀਂ’  ਤੇ ਹੁਣ ਤੀਜੀ ਹੈ ‘ਥ੍ਰੀ’। ਐਲਬਮ ਲਾਂਚ ਕਰਨ ‘ਚ ਇੰਨਾ ਜ਼ਿਅਦਾ ਵਕਫਾ ਕਿਉਂ?

–   ਫ਼ਿਲਮੀ ਮਾਹੌਲ ’ਚ ਗ਼ੈਰ-ਫ਼ਿਲਮੀ ਸੰਗੀਤ ਨੂੰ ਪ੍ਰਚਾਰਿਤ ਕਰਨਾ ਬਹੁਤ ਔਖਾ ਹੈ। ਅਜ਼ਾਦ ਤੌਰ ‘ਤੇ ਕੰਮ ਕਰਨ ਵਾਲੇ ਗਾਇਕਾਂ ਨੂੰ ਇਸ ਲਈ ਕੰਪਨੀਆਂ ਲੱਭਣੀਆਂ ਪੈਂਦੀਆਂ ਹਨ। ਬਹੁਤ ਤਰ੍ਹਾਂ ਦੇ ਸਮਝੌਤਿਆਂ ਚੋਂ ਲੰਘਣਾ ਪੈਂਦਾ ਹੈ ਤੇ ਤੁਹਾਡੇ ਅਸੂਲਾਂ ’ਤੇ ਸੱਟ ਵੱਜਦੀ ਹੈ। ਗੱਲ ਇਹ ਵੀ ਹੈ ਕਿ ਸੰਗੀਤ ਮੇਰੇ ਲਈ ਕਾਰੋਬਾਰ ਨਹੀਂ ਹੈ, ਪ੍ਰਗਟਾਵਾ ਹੈ, ਰਚਨਾਤਮਕਤਾ ਹੈ।

?   ਮਿਊਜ਼ਿਕ ਦੀ ਦੁਨੀਆ ’ਚ ਗਲੈਮਰ ਹੈ, ਚੁੰਧਿਆਂਦੀਆਂ ਰੌਸ਼ਨੀਆਂ ਦੇ ਜਲਵੇ ਹਨ। ਸਟਾਰਡਮ ਹੈ, ਅਜਿਹੇ ਮਾਹੌਲ ’ਚ ਸਿੱਧਾ ਸਾਦਾ ਲਿਬਾਸ ਪਹਿਣੀ ਰੱਬੀ ਸ਼ੇਰਗਿੱਲ ਵਿਚਰਦਾ ਹੋਇਆ ਕਿਸ ਤਰ੍ਹਾਂ ਦੀ ਚਣੌਤੀ ਦਿੰਦਾ ਹੈ?

–    ਮੈਂ ਇਹ ਚਣੌਤੀ ਸੋਚ ਸਮਝ ਕੇ ਪੈਦਾ ਨਹੀਂ ਕੀਤੀ। ਮੇਰੇ ਲਈ ਇੱਕੋ ਫਾਰਮੂਲਾ ਹੈ ਕਿ ਜੋ ਤੁਸੀ ਹੋ ਉਹੀ ਪੇਸ਼ ਕਰੋ। ਜੋ ਮੇਰੇ ਆਦਰਸ਼ ਹਨ, ਮੈਂ ਉਹਨਾਂ ਵਰਗਾ ਹੀ ਬਣਨ ਦੀ ਕੌਸ਼ਿਸ਼ ਕੀਤੀ ਹੈ। ਜੇ ਮੈਂ ਹੋਰ ਸਿੱਧਾ ਹੋ ਕੇ ਕਹਾਂ ਕਿ ਇਸ ਤਰ੍ਹਾਂ ਦੇ ਮਾਹੌਲ ’ਚ ਗਲੈਮਰੀ ਸ਼ੈਲੀ ਦਾ ਨਿਰਮਾਨ ਕਰਨਾ ਜੇ ਜ਼ਰੂਰੀ ਹੈ ਤਾਂ ਅਜਿਹੀ ਮਿਹਨਤ ਮੈਥੋਂ ਹੁੰਦੀ ਨਹੀਂ।

?  ਤੁਸੀ ਸੂਫ਼ੀ ਗਾਇਕੀ ਦੇ ਕੁਝ ਰੰਗ ਜਾਂ ਲੋਕ ਗਾਇਕੀ ਨੂੰ ਗਿਟਾਰ ਰਾਹੀ ਟਰਾਂਸੈਂਡ ਕਰਨ ਦਾ ਉਪਰਾਲਾ ਲੈਕੇ ਆਏ। ਆਖਰਕਾਰ ਸੀ ਤਾਂ ਇਹ ਜੋਖ਼ਮ ਹੀ, ਡਰ ਨਹੀਂ ਲੱਗਾ?

–  ਅਜ਼ਾਦ ਆਰਟਿਸਟ ਨੂੰ ਡਰ ਤਾਂ ਹਮੇਸ਼ਾ ਰਹਿੰਦਾ ਹੈ। ਦੇਖਣਾ ਇਹ ਹੁੰਦਾ ਕਿ ਤੁਹਾਡਾ ਡਰ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ। ਮੈਂ ਡਰ ਨਾਲ ਯਾਰੀ ਗੰਢ ਲਈ ਹੈ। ਡਰ ਮੇਰੇ ਲਈ ਗਾਈਡ ਦੀ ਤਰ੍ਹਾਂ ਹੈ।

?  ਤੁਸੀ ‘ਹੀਰ’, ‘ਤੋਤਿਆ ਮਨਮੋਤਿਆ’, ‘ਛੱਲਾ’, ‘ਜੁਗਨੀ’ ਜਾਂ ‘ਪੱਗੜੀ ਸੰਭਾਲ ਜੱਟਾਂ’ ਜਹੇ ਗੀਤ ਪੰਜਾਬ ਦੀ ਜ਼ਮੀਨ ਨਾਲ ਜੁੜੇ ਲੋਕਾਂ ਲਈ ਗਾਏ ਹਨ ਪਰ ਤੁਹਾਨੂੰ ਇੰਝ ਨਹੀਂ ਲੱਗਦਾ, ਜਦੋਂ ਤੱਕ ਤੁਹਾਡੇ ਗੀਤ ਪੈਲੀ ਵਾਹੁੰਦੇ ਹੋਏ ਟਰੈਕਟਰ ’ਤੇ ਬਹਿਕੇ ਕੋਈ ਨਹੀਂ ਸੁਣ ਰਿਹਾ, ਤਾਂ ਕੁਝ ਅਧੂਰਾ ਹੈ?

–  ਸਾਰਥਕ ਗੀਤ ਜਦ ਤੱਕ ਆਮ ਲੋਕਾਂ ਤੱਕ ਨਹੀਂ ਪਹੁੰਚਦੇ ਤਾਂ ਮੇਰਾ ਕਾਰਵਾਂ ਅਧੂਰਾ ਹੈ। ਮੇਰਾ ਵਿਰਸਾ ਪੇਂਡੂ ਹੈ ਪਰ ਮੈਂ ਸ਼ਹਿਰ ਦੀ ਉਪਜ ਹਾਂ। ਮੇਰਾ ਸੰਗੀਤ ਪੱਛਮੀ ਪ੍ਰਭਾਵ ਦਾ ਹੈ ਤੇ ਮੇਰੇ ਸੰਗੀਤ ’ਚ ਰਾੱਕ ਮਿਊਜ਼ਿਕ ਦਾ ਪ੍ਰਭਾਵ ਹੈ। ਰਾੱਕ ਮਿਊਜ਼ਿਕ ਦਾ ਫਾੱਰਮ ਬਹੁਤ ਵੱਖਰਾ ਹੁੰਦਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਜੇ ਮੈਂ ਪੰਜਾਬੀ ਸੰਗੀਤ, ਫੋਕ ਸੰਗੀਤ ਜਾਂ ਇਸ ਦਾ ਭਾਰਤੀ ਰੂਪ ਸਿਖਿਆ ਹੁੰਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਮੈਂ ਹੋਰ ਤਰ੍ਹਾਂ ਸਿਰਜ ਸਕਦਾ। ਇਹ ਗੱਲਾਂ ਮੈਨੂੰ ਹੁਣ ਸਮਝ ਆਉਂਦੀਆਂ ਹਨ।

?  ਪੰਜਾਬ ਬਾਰੇ ਤੁਹਾਡੇ ਵਿਚਾਰ?

–  ਪੰਜਾਬ ਮੇਰੀ ਕਲਚਰਲ ਐਂਗਜ਼ਾਇਟੀ ਹੈ। ਪੰਜਾਬ ਮੇਰੇ ਜ਼ਿਹਨ ’ਚ ਵੱਸਿਆ ਹੋਇਆ ਹੈ ਪਰ ਮੈਂ ਅੱਜ ਉਸ ਪੰਜਾਬ ਨੂੰ ਵੇਖ ਰਿਹਾ ਹਾਂ ਜੋ ਕੁਝ ਹੋਰ ਹੈ। ਪੰਜਾਬ ਅੱਜ ਦਿੱਲੀ ਬਣਨਾ ਚਾਹੁੰਦਾ ਹੈ। ਤੁਹਾਨੂੰ ਪੀਘਾਂ ਝੂਟਦੀਆਂ ਕੁੜੀਆਂ ਨਜ਼ਰ ਨਹੀਂ ਆਉਣਗੀਆਂ। ਚਰਖੇ ਤੁਹਾਨੂੰ ਕਿਤੇ ਨਹੀਂ ਵਿਖਣਗੇ। ਪੰਜਾਬੀ ਸੱਭਿਆਚਾਰ ਇੱਕਲਾ ਜੱਟ ਤਬਕੇ ਦਾ ਸੱਭਿਆਚਾਰ ਤਾਂ ਹੈ ਨਹੀਂ। ਪੰਜਾਬ ਦੇ ਜਿਹੜੇ ਦਲਿਤ ਹਨ, ਜਾਂ ਜੋ ਪੰਜਾਬ ਦੇ ਸ਼ਹਿਰੀ ਹਿੰਦੂ ਹਨ ਉਹਨਾਂ ਦਾ ਨਾਤਾ ਪੰਜਾਬ ਨਾਲ ਤਾਂ ਲੱਗਦਾ ਨਹੀਂ। ਜਿਸ ਤਰ੍ਹਾਂ ਦੀ ਤਬਦੀਲੀ ਅੱਜ ਪੰਜਾਬ ’ਚ ਵਾਪਰ ਰਹੀ ਹੈ ਉਹ ਡਿਸਟ੍ਰਬ ਕਰਨ ਵਾਲੀ ਹੈ। ਲੁਧਿਆਣੇ ਦੇ ਕਈ ਇਲਾਕਿਆਂ ’ਚ ਤੁਸੀ ਸਿਰਫ ਹਿੰਦੀ ਹੀ ਬੋਲ ਸਕਦੇ ਹੋ।

? ਪੰਜਾਬ ਦਾ ਸੱਭਿਆਚਾਰ ਸਿਰਫ ਸਿੱਖ ਸੱਭਿਆਚਾਰ ਜਾਂ ਜੱਟ ਸੱਭਿਆਚਾਰ ਤਾਂ ਹੈ ਨਹੀਂ…  ?

– ਪੰਜਾਬ ਦੇ ਸੱਭਿਆਚਾਰ ਨੂੰ ਅਸੀ ਸਿਰਫ ਸਿੱਖ ਸੱਭਿਆਚਾਰ ਨਹੀਂ ਕਹਿ ਸਕਦੇ। ਪੰਜਾਬ ਦਾ ਸੱਭਿਆਚਾਰ ਹੋਰ ਵੀ ਹੈ। ਪਰ ਹੋ ਕੀ ਰਿਹਾ ਹੈ? ਪੰਜਾਬੀ ਗਾਣੇ ਜੇ ਜੱਟ ਗਾਏਗਾ ਤਾਂ ਜੱਟਾਂ ਦਾ ਗੌਰਵ ਪੇਸ਼ ਕਰਦਾ ਹੈ। ਇਵੇਂ ਤਾਂ ਇੱਕ ਹਿੰਦੂ ਜਾਂ ਤਰਖਾਣ ਜਾਂ ਦਲਿਤ ਸਿੰਗਰ ਵੀ ਕਰ ਸਕਦਾ ਹੈ, ਕਰ ਵੀ ਰਹੇ ਹਨ।

?   ਠੀਕ, ਜੱਟਵਾਦ ਦੇ ਘੜਮੱਸ ’ਚ ਹੁਣ ਅਜਿਹੇ ਗਾਇਕ ਉੱਭਰਕੇ ਆ ਰਹੇ ਹਨ ਜੋ ਰੀਸੋਰੀਸੀ ਜਾਤੀ ਸ਼ਬਦਾਵਲੀ ਵਰਤ ਰਹੇ ਹਨ।

–  ਜਿਹੜਾ ਜੱਟਵਾਦ ਉੱਭਰਕੇ ਆ ਰਿਹਾ ਹੈ ਉਹ ਪੰਜਾਬ ਦੇ ਜੱਟਾਂ ਦੀ ਸਹੀ ਤਸਵੀਰ ਨਹੀਂ ਹੈ। ਕੀ ਜੱਟ ਸਿਰਫ ਕਬਜ਼ੇ, ਰਫਲਾਂ ਜਾਂ ਸ਼ਰਾਬਾਂ ’ਚ ਹੀ ਗੜੱੁਚ ਨੇ?  ਕੀ ਪੰਜਾਬੀ ਗਾਇਕਾਂ ਨੂੰ ਉਹ ਜੱਟ ਨਹੀਂ ਵਿਖ ਰਹੇ ਜੋ ਸ਼ਿੱਦਤ ਨਾਲ ਜ਼ਮੀਨ ਵਾਹੰੁਦਾ ਮਿਹਨਤ ਕਰਦਾ ਹੈ? ਉਹਨਾਂ ਨੂੰ ਉਹੀ ਜੱਟ ਵਿਖ ਰਹੇ ਹਨ ਜੋ ਪਿਓ ਦੇ ਪੈਸੇ ’ਤੇ ਚੰਡੀਗੜ੍ਹ ਕੁੜੀਆ ਨਾਲ ਘੁੰਮ ਰਹੇ ਹਨ। ਜੇ ਅਜਿਹਾ ਜੱਟਕਾ ਹੀ ਖੜ੍ਹਾ ਕਰਨਾ ਹੈ ਤਾਂ ਦੂਜੇ ਤਬਕੇ ਵੀ ਦੇਖਾਦੇਖੀ ਆਪਣੀ ਜਾਤ ਦੇ ਗੌਰਵ ਲਈ ਗਾਉਣਗੇ।

?  ਪੰਜਾਬ ਦੀ ਕਲਚਰ ਬਾਰੇ ਕੋਈ ਉਮੀਦ ਦੀ ਕਿਰਨ?

–  ਉਮੀਦ ਦੀ ਕਿਰਨ ਮੈਨੂੰ ਨਹੀਂ ਵਿਖਦੀ। ਮੇਰੀ ਹਤਾਸ਼ਾ ਹੀ ਉਮੀਦ ਦੀ ਕਿਰਨ ਹੈ। ਜਦੋਂ ਹਤਾਸ਼ਾ ਹੁੰਦੀ ਹੈ ਤਾਂ ਉਮੀਦ ਨਹੀਂ ਹੁੰਦੀ ਫਿਰ ਤਾਂ ਭਾਂਬੜ ਮੱਚਦਾ ਹੈ। ਸੱਭਿਆਚਾਰ ਤਾਂ ਪੂਰਾ ਖਤਮ ਹੀ ਹੈ। ਪੰਜਾਬ ’ਚ ਕੋਈ ਬੌਧਿਕ ਗੱਲ ਕਰਨਾ ਨਹੀਂ ਚਾਹੁੰਦਾ। ਅਸੀ ਕੋਈ ਚੰਗੀ ਕਵਿਤਾ ਨਹੀਂ ਪੇਸ਼ ਕਰ ਰਹੇ। ਸਾਡੇ ਸਿਨੇਮਾ ਦਾ ਹਾਲ ਬਹੁਤ ਮਾੜਾ ਹੈ। ਭਿ੍ਰਸ਼ਟਾਚਾਰ ਸਾਡੀ ਜੜ੍ਹਾਂ ’ਚ ਧੱਸ ਚੁੱਕਾ ਹੈ। ਜ਼ਮੀਨ ਸਾਡੀ ਜ਼ਹਿਰੀ ਹੋ ਚੁੱਕੀ ਹੈ। ਪੰਜਾਬ ਦਾ ਬੰਦਾ ਕੁੜੀਆ ਢਿੱਡਾਂ ’ਚ ਮਾਰ ਰਿਹਾ ਹੈ। ਕਾਰਪੋਰੇਸ਼ਨ ਤੇ ਸਰਕਾਰ ’ਚ ਕੋਈ ਫਰਕ ਨਹੀਂ ਰਿਹਾ।

?  ਪੰਜਾਬ ਜੇ ਕਲਾ ਤੇ ਚਿੰਤਨ ਪੱਖੋਂ ਖਤਮ ਹੋ ਗਿਆ ਹੈ ਤਾਂ ਆਸ ਕਿੱਥੋਂ ਮਿਲ ਸਕਦੀ ਹੈ?

–  ਮੈਂ ਖੁਸ਼ਵੰਤ ਸਿੰਘ ਦੀ ਗੱਲ ਨੂੰ ਦੁਹਰਾਉਂਦਾ ਹਾਂ ਕਿ ਜਦੋਂ ਤੱਕ ਮਾਝੇ ਦਾ ਜੱਟ ਨਹੀਂ ਜਾਗੇਗਾ ਉਦੋਂ ਤੱਕ ਕੁਝ ਨਹੀਂ ਹੋਣਾ। ਪੰਜਾਬੀਅਤ ਦਾ ਬੀਅ ਇਤਿਹਾਸਕ ਤੌਰ ’ਤੇ ਇਸ ਖਿੱਤੇ ‘ਚ ਮਿਲਦਾ ਹੈ।

?  ਪੰਜਾਬ ਸਿਰਫ਼ ਮਾਝਾ ਤਾਂ ਹੈ ਨਹੀਂ। ਇਹ ਦੁਆਬਾ ਤੇ ਮਾਲਵਾ ਵੀ ਹੈ। ਇਹਨਾਂ ਇਲਾਕਿਆਂ ’ਚ ਸੁੰਨ ਪਸਰੀ ਨਜ਼ਰ ਆਉਂਦੀ ਹੈ? ਕੀ ਇਹਨਾਂ ਦੀ ਕੋਈ ਮਹੱਤਤਾ ਨਹੀਂ?

– ਜਦੋਂ ਸਭ ਕੁਝ ਖਤਮ ਹੋ ਜਾਵੇ ਤਾਂ ਆਪਣੇ ਅੰਦਰ ਧੁਰ ਜੜ੍ਹਾਂ ਚੋਂ ਹੀ ਕੁਝ ਲੱਭਣਾ ਪੈਂਦਾ ਹੈ। ਦੁਆਬਾ ਤਾਂ ਮਾਈਗਰੇਟ ਕਰਕੇ ਆਪਣੇ ਆਪ ਨੂੰ ਖਤਮ ਕਰ ਬੈਠਾ ਹੈ। ਮਾਲਵੇ ‘ਚ ਇੰਨੀ ਜ਼ਿਆਦਾ ਸਿਆਸੀ ਤੇ ਸੱਭਿਆਚਾਰਕ ਚੌਧਰ ਹੈ ਤਾਂ ਉਹਨਾਂ ਦਾ ਦਿਮਾਗ ਕਲਚਰ ਜਾਂ ਬੌਧਿਕਤਾ ਵਾਲੇ ਪਾਸੇ ਆਉਂਦਾ ਹੀ ਨਹੀਂ। ਮੈਂ ਪੰਜਾਬ ਤੋਂ ਬਾਹਰ ਰਹਿੰਦਾ ਹਾਂ ਪਰ ਜਦੋਂ ਮੈਂ ਪੰਜਾਬ ਆਉਂਦਾ ਹਾਂ ਤਾਂ ਮੈਨੂੰ ਇਹ ਧਰਤੀ ਪਹਿਲਾਂ ਵਾਂਗੂ ਨਜ਼ਰ ਨਹੀਂ ਆਉਂਦੀ। ਪੰਜਾਬੀ ਅੱਜ ਆਪਣੀ ਪਛਾਣ ਉਹ ਬਣਾ ਬੈਠੇ ਹਨ ਜੋ ਬਜ਼ਾਰ ਨੇ ਉਹਨਾਂ ਨੂੰ ਦਿੱਤੀ ਹੈ।

?  ਇਸ ਨਿਰਾਸ਼ਾ ਵਾਲੀ ਸਥਿਤੀ ਦਾ ਹਲ?

–  ਇਹ ਸਮੱਸਿਆਵਾਂ ਜਾਂ ਸੰਕਟ ਅਜੋਕੀ ਸਰਮਾਇਦਾਰੀ ਦੇ ਨਿਸ਼ਾਨ ਹਨ। ਜਦੋਂ ਤੱਕ ਸਰਮਾਏਦਾਰੀ ਦੇ ਰੱਸੇ ਨਹੀਂ ਤੋੜਾਂਗੇ ਇਹ ਇੱਦਾਂ ਹੀ ਰਹੇਗਾ। ਕਿਸੇ ਪੱਧਰ ’ਤੇ ਹਲ ਸਾਡੇ ਸਾਹਿਤ ਦੀਆਂ ਕਦਰਾਂ ਕੀਮਤਾਂ ’ਚ ਵੀ ਲੁੱਕੇ ਪਏ ਹਨ। ਸਾਨੂੰ ਵੱਧ ਤੋਂ ਵੱਧ ਪੰਜਾਬੀ ਸਿਨੇਮਾ ਤਿਆਰ ਕਰਨਾ ਚਾਹੀਦਾ ਹੈ, ਸੰਗੀਤ ਸਿਰਜਣਾ ਚਾਹੀਦਾ ਹੈ ਤੇ ਆਪਣੀ ਜ਼ੁਬਾਣ ਸਾਨੂੰ ਖੁੱਲ੍ਹਕੇ ਬੋਲਣੀ ਚਾਹੀਦੀ ਹੈ। ਪੰਜਾਬੀ ਨਾਲ ਸਬੰਧਤ ਸਾਫਟਵੇਅਰ ਬਣਾਉਣੇ ਚਾਹੀਦੇ ਹਨ। ਪੰਜਾਬ ਦੀ ਲੜਾਈ ਅੱਜ ‘ਸਰਵਾਈਵਲ’ ਦੀ ਹੈ। ਅਮਰੀਕਾ ਦੇ ਮੀਡੀਆ ਕਲਚਰ ਦੀ ਮਾਰ ਪੈ ਰਹੀ ਹੈ ਅਤੇ ਸਾਨੂੰ ਇਸ ਦਾ ਇਲਮ ਵੀ ਨਹੀਂ ਹੈ।

?  ਸਮਾਜ ’ਚ ਤਬਦੀਲੀ ਸਿਰਫ ਕਲਾ ਦੀਆਂ ਸੂਖਮ ਇਕਾਈਆਂ ਤਾਂ ਨਹੀਂ ਲਿਆ ਸਕਣਗੀਆਂ।

–  ਇਹ ਜਿਹੜਾ ਸਿਸਟਮ ਹੈ ਜਾਂ ਸਰਕਾਰ ਹੈ, ਇਹ ਗੱਡੇ ਹੋਏ ਤੰਬੂ ਵਾਂਗ ਹੈ। ਇਹ ਤੰਬੂ ਕਦੀ ਵੱਡਾ ਹੋ ਜਾਂਦਾ ਹੈ ਕਦੀ ਛੋਟਾ। ਜਦੋਂ ਝੱਖੜ ਆਉਂਦਾ ਹੈ ਤਾਂ ਇਹ ਸਾਰੇ ਤੰਬੂ ਉੱੱਡ ਜਾਂਦੇ ਹਨ। ਜਿਸ ਤਰ੍ਹਾਂ ਦੀ ਮਾਡਰਨਿਟੀ ਦਾ ਫੈਲਾਅ ਹੋ ਰਿਹਾ ਉਹ ਪਦਾਰਥਕ ਚੀਜ਼ਾਂ ਦੁਆਲੇ ਘੁੰਮਦੀ ਹੈ। ਪੰਜਾਬ ’ਚ ਅੱਜ ਬੌਧਿਕ ਪ੍ਰਤਿਰੋਧ, ਇੰਟਲੈਕਚੁਅਲ ਰਿਸਸਟੈਂਸ ਉੱਕਾ ਨਹੀਂ ਹੈ।

?  ਸਿਸਟਮ ਨੂੰ ਤਬਦੀਲ ਕਰਨ ’ਚ ਤੁਹਾਡਾ ਜੋ ਯੋਗਦਾਨ ਹੈ ਉਹਦੀ ਨਿਸ਼ਾਨਦੇਈ ਕੀ ਕਹੀ ਜਾ ਸਕਦੀ ਹੈ?

– ਮੇਰੀ ਗਾਇਕੀ ਅਸਲ ਸੁਆਲਾਂ ਨੂੰ ਮੁਖ਼ਾਤਿਬ ਹੈ। ਕਲਮ ਮੇਰੀ ਬੰਦੂਕ ਹੈ ਤੇ ਗਿਟਾਰ ਮੇਰੀ ਤੋਪ।

— o — 0 — 0 —

Posted in Agenda, Authors, Culture, Harpreet Kahlon, Interview, Literature, Music | Tagged , , , , , , , , , , | Leave a comment

ਸੁਰਿੰਦਰ ਨੀਰ ਦਾ ਨਾਵਲ : ‘ਮਾਇਆ’

ਪੰਜਾਬੀ ‘ਚ ਏਨਾ ਲੰਮਾ ਨਾਵਲ ਪਹਿਲਾਂ ਨਹੀਂ ਲਿਖਿਆ ਗਿਆ। ਕਰੜੀ ਮਿਹਨਤ ਦਾ ਨਤੀਜਾ ਹੈ ਇਹ। ਪੰਜਾਬੀ ਲੇਖਕ ਮਿਹਨਤ ਕਰਨੀ ਭੁਲ ਚੁੱਕਾ ਹੈ। ਫ਼ਿਲਮ ਜਗਤ ‘ਚੋਂ ਇਕ ਮਿਸਾਲ ਲੈਂਦਾ ਹਾਂ। ਰਾਜ ਕਪੂਰ ਦੀ ਫ਼ਿਲਮ ‘ਮੇਰਾ ਨਾਮ ਜੋਕਰ’ ਬਹੁਤ ਲੰਮੀ ਸੀ। ਬੜੀ ਮਿਹਨਤ ਕੀਤੀ ਗਈ। ਗਾਣੇ ਖਿੱਚ ਪਾਉਣ ਵਾਲੇ ਸਨ,ਪਰ ਫ਼ਿਲਮ ਪਿੱਟ ਗਈ। ਰਾਜ ਕਪੂਰ ਨੇ ਕਿਹਾ, ”ਫੁੱਟੇਜ ਨੇ ਹਮ ਕੋ ਡੁਬੋ ਦੀਆ।”(ਫੁੱਟੇਜ=ਲੰਮਾਈ)

ਮੈਨੂੰ ਲੱਗਦਾ, ਲੰਬਾਈ ਨੇ ਸੁਰਿੰਦਰ ਨੀਰ ਦੇ ਨਾਵਲ ‘ਮਾਇਆ’ ਨੂੰ ਡੋਬ ਦਿੱਤਾ ਹੈ। ਅਜਿਹਾ ਕਿਉਂ ਹੋਇਆ ਹੈ? ਆਓ ਦੇਖੀਏ, ਸੰਭਾਵਨਾਵਾਂ ਨਾਲ ਭਰੀ ਨਾਵਲ ਦੀ ਸਮੱਗਰੀ ਕਿਵੇਂ ਢਹਿੰਦੀ ਹੈ; ਕਿਵੇਂ ਸਾਰਥਿਕਤਾ ਗੁਵਾਂਦੀ ਹੈ। ਕਿਵੇਂ ਇਸ ਨਾਵਲ ਨੂੰ ਪੜ੍ਹਦਿਆਂ ਸੰਵੇਦਨਾ ਵਾਲਾ ਪਾਠਕ ਹਤਾਸ਼ ਮਹਿਸੂਸ ਕਰਦਾ ਹੈ। ਫ਼ਿਲਮ ਦਾ ਹਵਾਲਾ ਦੇਣ ਦਾ ਕਾਰਣ ਇਹ ਹੈ ਕਿ ਮਾਇਆ ਰਚਨਾਤਮਿਕ ਬਿਰਤਾਂਤ ਨਹੀਂ ਹੈ। ਇਹ ਪਾਪੂਲਰ ਫ਼ਿਲਮੀ ਸ਼ੈਲੀ ‘ਚ ਲਿਖਿਆ ਗਿਆ ਕਥਾ ਬਿਆਨ ਹੈ ਜੋ ਟੈਲੀ ਸੀਰੀਅਲ ਦੀ ਤਕਨੀਕ ਵੀ ਅਪਣਾਂਦਾ ਹੈ।

ਮਾਇਆ ਦਾ ਕਿਰਦਾਰ ਪਿਤਾ ਪੁਰਖੀ ਸਥਾਪਨਾ ‘ਚ ਖਲਲ ਪੈਦਾ ਕਰਦਾ ਹੈ। ਉਹ ਘਰਤੋਂ ਬਾਹਰ ਵਲ ਤੁਰ ਪੈਂਦੀ ਹੈ, ਅੰਨ੍ਹੀ ਗਲੀ ਵਲ। ਚਿੱਤ ਵਿਚ ਪੇਂਟਿੰਗ ਸਿਖਣ, ਕਲਾ ਸੰਸਾਰ ਦੀ ਟੀਸੀ ‘ਤੇ ਪੁੱਜਣ ਦਾ ਭੂਤ ਸਵਾਰ ਹੈ। ਘਰ ਤੋਂ ਬਾਹਰ ਜੋ ਸਪੇਸ ਹੈ ਉੱਥੇ ‘ਬਘਿਆੜ’ ਹਨ। ‘ਔਰਤ ਬਨਾਮ ਮਰਦ ਸੰਸਾਰ’ ਦਾ ਪ੍ਰਾਬਲਮੈਟਿਕ ਸਾਹਮਣੇ ਆਉਂਦਾ ਹੈ। ਪਰ ਲੇਖਿਕਾ ਦੀ ਰਵਾਇਤੀ ਪੱਧਰ ਦੀ ਨਾਵਲੀ ਸੂਝ ਇਹਦੇ ਨਾਲ ਇਨਸਾਫ਼ ਨਹੀਂ ਕਰ ਸਕਦੀ।

ਨੀਰ ਦੀ ਸੀਮਾ ਦਾ ਪਤਾ ‘ਸ਼ਿਕਾਰਗਾਹ’ ‘ਚ ਲੱਗਾ ਸੀ। ਇਸ ਨਾਵਲ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਮਨਸ਼ਾ ਕੁਝ ਹੋਰ ਸੀ। ਉਨ੍ਹਾਂ ਇਹਨੂੰ ਲਾਸਾਨੀ ਰਚਨਾ ਦਾ ਦਰਜਾ ਦਿੱਤਾ ਤੇ ਲੇਖਿਕਾ ਨੂੰ ਕੁਰਾਹੇ ਪਾ ਦਿੱਤਾ। ਨਤੀਜਾ ਪੰਜਾਬੀ ਨਾਵਲਕਾਰੀ ਲਈ ਚੰਗਾ ਨਹੀਂ ਨਿਕਲਿਆ। ਇਹਦਾ ਪਤਾ ਨਾਵਲ ‘ਮਾਇਆ’ ਤੋਂ ਲੱਗਦਾ ਹੈ। ਇਸ ਨਾਵਲ ਨੂੰ ਵੱਡੇ ਕੈਨਵਸ ‘ਤੇ ਫੈਲਾਣ ਦਾ ਯਤਨ ਕੀਤਾ ਗਿਆ ਹੈ, ਪਰ ਕਲਾਤਮਿਕ ਸੀਮਾਵਾਂ ਲੇਖਿਕਾ ਦੀ ਵਿਰਾਟ ਪੱਧਰ ਦੀ ਮਹਤਵ ਅਕਾਂਖਿਆ ਵਿਰੁੱਧ ਖੜ ਜਾਂਦੀਆਂ ਹਨ ਤੇ ਨਾਵਲ ਸੂਝਵਾਨ ਅਤੇ ਆਮ ਪਾਠਕ ਦੋਨਾਂ ਲਈ ਅਪੜ੍ਹਣਯੋਗ ਰਚਨਾ ਬਣ ਜਾਂਦਾ ਹੈ।

ਨੀਰ ਦੀ ਅਸਲ ਤਾਕਤ ਕਸ਼ਮੀਰੀ ਪਿਛੋਕੜ ਦਾ ਹੋਣ ‘ਚ ਹੈ। ਉਸ ਖਿੱਤੇ ਵਿਚ ਸਿੱਖ ਸਭਿਆਚਾਰ ‘ਚ ਪਰੁੱਚੇ ਭਾਈਚਾਰੇ ਦਾ ਅੰਗ ਹੋਣਾ ਵੀ ਉਹਨੂੰ ਵੱਖਰਿਆਂਦਾ ਹੈ। ਇਸ ਸਭਿਆਚਾਰ ਦਾ ਆਪਣਾ ਜੋ ਜੀਣ ਥੀਣ ਹੈ ਉਸ ਵਿਚ ਉਹਦੀ ਆਸਥਾ ਹੈ। ਉਹ ਆਪਣੀ ਸਥਾਨਿਕਤਾ ਦੇ ਸੰਕਟਾਂ ਨੂੰ ਸਮਝਦੀ ਹੈ। ਨਾਵਲਕਾਰ ਵਜੋਂ ਇਹ ਉਹਦੀ ‘ਪੂੰਜੀ’ ਹੈ। ‘ਸ਼ਿਕਾਰਗਾਹ’ ‘ਚ ਉਹ ਇਸ ‘ਪੂੰਜੀ’ ਨੂੰ ਜਿੰਨਾ ਕੁ ਵਰਤਦੀ ਹੈ, ਨਾਵਲ ਉੱਨਾ ਕੁ ਵੱਖਰਾ ਦਿੱਸਦਾ ਹੈ। ਪਹਿਲੇ 30-40 ਸਫ਼ੇ ਇਹਦੀ ਮਿਸਾਲ ਹਨ। ਫਿਰ ਨਾਵਲ ਦੀ ਤੋਰ ਰਵਾਇਤੀ ਘਿਸ ਦਾ ਸ਼ਿਕਾਰ ਹੋ ਜਾਂਦੀ ਹੈ, ਤੇ ਨਾਵਲ ਦੀ ਸੀਮਾ ਪ੍ਰਗਟ ਹੁੰਦੀ ਹੈ। ਕਸ਼ਮੀਰੀ ਲੋਕਾਂ ਦੀ ਆਜ਼ਾਦ ਹਸਤੀ ਬਾਰੇ ਤੜਪ ਨੂੰ ਉਹ ਕੇਂਦਰੀ ਸੱਤਾ ਦੀ ਭਾਸ਼ਾ ਰਾਹੀਂ ਸਮਝਦੀ ਹੈ। ਕੁੱਲ ਮਿਲਾ ਕੇ ‘ਸ਼ਿਕਾਰਗਾਹ’ ਸਾਧਾਰਣ ਰਚਨਾ ਬਣ ਜਾਂਦਾ ਹੈ।

ਮਾਇਆ ਦਾ ਬੁਨਿਆਦੀ ਸੰਕਟ ਇਹ ਹੈ ਕਿ ਲੇਖਿਕਾ ਰਵਾਇਤੀ ਘਿਸ ਜੁਗਤਾਂ ਨੂੰ ਤੀਬਰਤਾ ਨਾਲ ਵਰਤਦੀ ਹੈ। ਹੁਣ ਉਹਦੇ ਕੋਲ ਨਾਵਲ ਦੀ ਲੰਮਾਈ ਵਾਲਾ ਪ੍ਰੋਜੈਕਟ ਹੈ। ਇਸ ਪ੍ਰੋਜੈਕਟ ਦੀ ਪੂਰਤੀ ਲਈ ਉਹ ਨਾਵਲ ਨੂੰ ਸਕੀਮੀਪਣ ਦਾ ਸ਼ਿਕਾਰ ਬਣਾਂਦੀ ਹੈ। ਅੰਤ ਇਹ ਕਲਾਤਮਿਕ ਬਿਰਤਾਂਤ ਵਜੋਂ ਫੇਲ ਹੋ ਜਾਂਦਾ ਹੈ।

ਬਿੱਲੀ/ਬਲਬੀਰ ਦਾ ਘਰੋਂ ਨਿਕਲਣਾ ਏਨਾ ਵਾਸਤਵਿਕ ਨਹੀਂ ਹੈ ਜਿੰਨਾ ਲੇਖਿਕਾ ਦੀ ਤੈਅਸ਼ੁਦਾ ਸਕੀਮ ਅਨੁਕੂਲ ਹੈ। ਉਹ ਘਰੋਂ ਨਿਕਲਦੀ ਹੈ, ਨਾਵਲ ਦੇ ਅੰਤ ਤੱਕ ਵਾਪਿਸ ਨਹੀਂ ਪਰਤਦੀ। ਆਪਣੇ ਰਾਹ ਦੀ ਤਲਾਸ਼ ਕਰਦੀ ਹੈ। ਨਾਵਲ ਇਸ ਸਥਿਤੀ ਨੂੰ ਮਸਲਾ-ਗ੍ਰਸਤ ਕਰਨ ਦੇ ਯਤਨ ‘ਚ 700 ਤੋਂ ਵੱਧ ਸਫ਼ਿਆਂ ਤੱਕ ਫੈਲ ਜਾਂਦਾ ਹੈ, ਤੇ ਚਲੰਤ+ਘਿਸ ਜੁਗਤਾਂ ਦਾ ਸ਼ਿਕਾਰ ਹੋ ਜਾਂਦਾ ਹੈ।

ਬਲਬੀਰ ਜਿਸ ਅੰਨ੍ਹੀ ਗਲੀ ‘ਚ ਪੁੱਜਦੀ ਹੈ, ਜਿਸ ਤਰ੍ਹਾਂ ਪਹਿਲੀ ਰਾਤ ਉਹਦਾ ‘ਰੇਪ’ ਹੁੰਦੀ ਹੈ ਤੇ ਜਿਸ ਹਾਈਪਰ ਲਹਿਜ਼ੇ ‘ਚ ਇਹ ਵਾਰਦਾਤ ਵਾਪਰਦੀ ਹੈ, ਤੇ ਜਿਵੇਂ ਉਹ ਮਰਨ ਲਈ ਤਿਆਰ ਹੁੰਦੀ ਗੁਰਬਾਣੀ ‘ਚੋਂ ਸਲੋਕ ਨੂੰ ਸੁਣਦੀ ਹੈ, ਤੇ ਉਹਦੇ ‘ਤੇ ਜੋ ਅਸਰ ਹੁੰਦਾ ਹੈ, ਇਹ ਸਭ ਬੜਾ ਤੇਜ਼ੀ ਨਾਲ ਵਾਪਰਦਾ ਹੈ। ਅਜਿਹਾ ਘਟਨਾ-ਕ੍ਰਮ ਨਾਵਲ ਦੀ ਟੋਨ ਨੂੰ ਸੈੱਟ ਕਰ ਦੇਂਦਾ ਹੈ। ਪਤਾ ਚਲਦਾ ਹੈ ਨਾਵਲ ਨੇ ਝਟਕੇ ਵਾਲੀ ਘਟਨਾਕਾਰੀ ਰਾਹੀਂ ਹੀ ਤੁਰਨਾ ਹੈ। ਇਹਨੇ ਕਿਸੇ ਸਥਿਤੀ ਦੀਆਂ ਅੰਤ੍ਰੀਵੀ ਤੈਹਾਂ ਵਲ ਦੇਖਣਾ ਨਹੀਂ ਹੈ। ਸਤਹੀ ਲਿਖਣਕਾਰੀ ਦੇ ਇਸ ਪੈਰਾਡਾਈਮ ਦੀ ਲੇਖਿਕਾ ਸ਼ਿਕਾਰ ਦਿਸਦੀ ਹੈ, ਪਰ ਉਹਦੇ ਕੋਲ ਹੁਣ ਇਹੀ ਰਸਤਾ ਹੈ। ਕਲਾਤਮਿਕ ਦ੍ਰਿਸ਼ਟੀ ਦੀ ਅਣਹੋਂਦ ਦਾ ਆਰੰਭ ਤੋਂ ਹੀ ਪਤਾ ਲੱਗ ਜਾਂਦਾ ਹੈ। ਉਹਦੀ ਨਾਵਲਕਾਰੀ ਦਾ ਰਾਹ ਤੈਅ ਹੋ ਜਾਂਦਾ ਹੈ। ਇਸ ਰਾਹ ਨੇ ਲੇਖਿਕਾ ਸਮੇਤ ਬਿਰਤਾਂਤਕ ਗਤੀ ਅਤੇ ਪਾਤਰਾਂ ਨੂੰ ਵੀ ਆਪਣੀ ਲਪੇਟ ਵਿਚ ਲੈਣਾ ਹੈ। ਬੇਸ਼ੱਕ ਇਸ ਲਪੇਟ ਵਿਚ ਆਉਣ ਦੀ ਪਾਠਕ ਨੂੰ ਲਾਚਾਰੀ ਨਹੀਂ ਹੈ। ਪਰ ਜੇ ਉਹ ਇਹਨੂੰ ਵਿਚਾਲੇ ਨਹੀਂ ਛੱਡਦਾ ਤਾਂ ਅੰਤ ਤੱਕ ਪੁੱਜਦਿਆਂ ਉਹਦਾ ਉਹੀ ਹਾਲ ਹੋਣਾ ਹੈ ਜੋ ਲੰਮੇ ਟੈਲੀ ਸੀਰੀਅਲ ਦੇਖ ਕੇ ਹੁੰਦਾ ਹੈ।

ਲੇਖਿਕਾ ਕੋਲ ਬਿਰਤਾਂਤ ਨੂੰ ਤੇਜ਼ ਗਤੀ ‘ਚ ਰੱਖਣ ਲਈ ਇਹੀ ਜੁਗਤ ਹੈ। ਇਸ ਜੁਗਤ ਵਿਚ ਲਕੀਰਤਾ (horizontality) ਹੈ, ਉਸਾਰ (verticality) ਨਹੀਂ। ਇਹ ਮਹੀਨ ਬੁੱਨਤਰ ਨੂੰ ਬਾਈਪਾਸ ਕਰਦੀ ਹੈ ਜਦ ਕਿ ਬੁੱਨਤਰ ਹੀ ਬਿਰਤਾਂਤਕਾਰੀ ਨੂੰ ਕਥਾਕਾਰੀ ਤੋਂ ਵਖਰਿਆਂਦੀ ਹੈ। ਪਾਠਕ ਮਨੁੱਖੀ ਸਥਿਤੀ ਦੀਆਂ ਤੈਹਾਂ ਤੱਕ ਇਹਦੇ ਰਾਹੀਂ ਪੁੱਜਦਾ ਹੈ।ਮਹੀਨ ਬੁੱਨਤਰ ਬਿਰਤਾਂਤ ਨੂੰ ਸ਼ਿਲਪਕਾਰੀ ਦੇ ਨਿਕਟ ਕਰਦੀ ਹੈ ਤੇ ਨਾਵਲੀ ਬਿਰਤਾਂਤ ਸਹਿਜ ਤੇ ਸੰਤੁਲਤ ਗਤੀ ‘ਚ ਰਹਿੰਦਾ ਹੈ। ਭਾਸ਼ਾ ਰਚਨਾਤਮਿਕ ਹੁੰਦੀ ਹੈ, ਘਟਨਾਵਾਂ ਦਾ ਵਾਹਣ ਹੋਣ ਤੱਕ ਸੀਮਤ ਨਹੀਂ ਰਹਿੰਦੀ। ਅਰਥ ਸੱਕ ਵਾਂਗ ਨਿਕਲਦੇ ਹਨ। ਅਜਿਹੀ ਭਾਸ਼ਾ ਵਾਲੀ ਚਰਨਾਕਾਰੀ ਵਲ ਦੋਬਾਰਾ ਪਰਤਨ ਦਾ ਮਨ ਕਰਦਾ ਰਹਿੰਦਾ ਹੈ। ਕਲਾਤਮਿਕ ਬਿਰਤਾਂਤ ਇਸੇ ਨੂੰ ਕਹਿੰਦੇ ਹਨ। ਨਾਵਲ ‘ਮਾਇਆ’ ‘ਚ ਭਾਸ਼ਾ ਦੀ ਸੁਰ ਉੱਚੀ ਹੈ। ਜਿਸ ਮੈਲੋਡਰਾਮੈਟਿਕ ਢੰਗ ਨਾਲ ਰੇਪ ਦੀ ਵਾਰਦਾਤ ਘਟਦੀ ਹੈ, ਉਹ ਪਾਪੂਲਰ ਸਿਨੇਮੇ ਦੀ ਭਾਸ਼ਾ ਹੈ। ਜਿਵੇਂ ਬਲਬੀਰ ਚੰਡੀਗੜ੍ਹ ਪੁੱਜਦੀ ਹੈ, ਬਲਬੀਰ ਤੋਂ ਮਾਇਆ ਬਣਦੀ ਹੈ, ਸਮੀਰ ਨਾਲ ਨੇੜਤਾ ਪੈਦਾ ਹੁੰਦੀ ਹੈ, ਨੇੜਤਾ ਖੌਫ਼ ਪੈਦਾ ਕਰਦੀ ਹੈ, ਇਹ ਸਕੀਮ ਦੀ ਅਨੁਸਾਰੀ ਬਣਤ ਹੈ। ਜੇ ਇਹੀ ਨਾਵਲਕਾਰ ਦੀ ਪਾਠਗਤ ਨੀਤੀ (textual strategy) ਹੈ ਤਾਂ ਔਰਤ ਦੀ ਆਜ਼ਾਦੀ ਦਾ ਸਮੱਸਿਆਕਾਰ ਪਸਤ ਹੋ ਜਾਂਦਾ ਹੈ। ਪਾਤਰਾਂ ਦਾ ਵਜੂਦ ਲੇਖਿਕਾ ਦੇ ਕਬਜ਼ੇ ‘ਚ ਆ ਜਾਂਦਾ ਹੈ। ਬਲਬੀਰ ਪਿਤਾ ਪੁਰਖੀ ਸਥਾਪਨਾ ਤੋਂ ਬਰੀ ਹੋਣਾ ਚਾਹੁੰਦੀ ਹੈ ਤੇ ਆਣ ਡਿੱਗਦੀ ਹੈ ਲੇਖਿਕਾ ਦੀ ਬਾਜ਼ਾਰੀ ਪਾਠਗਤ ਨੀਤੀ ਦੇ ਟ੍ਰੈਪ ‘ਚ। ਸੁਰਿੰਦਰ ਨੀਰ ਦੀ ‘ਵਿਯਨ’, ਜਿਵੇਂ ਨਾਵਲ ‘ਚ ਪ੍ਰਗਟ ਹੈ, ਮਿਡਲ ਕਲਾਸੀ ਰਵਾਇਤੀ ਔਰਤਾਂ ਵਾਲੀ ਹੈ। ਮਾਇਆ ਦਾ ਕਿਰਦਾਰ ਇਸ ਵਿਯਨ ਦਾ ਪਰਤੌ ਬਣਦਾ ਹੈ।

ਕਲਾ ਦੇ ਪਿੜ ਵਿਚ ਮਾਇਆ ਦਾ ਦਾਖਲਾ ਕਲਾ ਦੀ ਮੰਡੀ ਰਾਹੀਂ ਹੁੰਦਾ ਹੈ। ਮੰਡੀ ਦੇ ਦਲਾਲ ਉਹਦਾ ਸ਼ੋਸ਼ਨ ਕਰਨਾ ਚਾਹੁੰਦੇ ਹਨ, ਉਹਦੇ ਜਿਸਮ ਅਤੇ ਆਰਟ ਦੋਨਾਂ ਦਾ। ਉਨ੍ਹਾਂ ਨਾਲ ਉਹ ਬੇਖੌਫ਼ ਹਿੱਸੇਦਾਰੀ ਪਾਉਂਦੀ ਹੇ। ਉਹ ਜੋ ਕਰਦੀ ਹੈ ਉਹਦੀ ਸਫ਼ਾਈ ‘ਚ ਲੇਖਕੀ ਟਿੱਪਣੀ+ਤਬਸਰਾ ਮੁਹੱਈਆ ਹੋਈ ਜਾਂਦਾ ਹੈ। ਉਹਦੇ ਕੋਲ ਆਪਣੀ ਅਕਾਂਖਿਆ ਦੀ ਪੂਰਤੀ ਦਾ ਹੋਰ ਕੋਈ ਰਾਹ ਨਹੀਂ ਹੈ। ਬਦਲੇ ‘ਚ ਉਹ ‘ਯੂਜ਼ ਐਂਡ ਥਰੋਅ’ ਦੀ ਨੀਤੀ ਦੀ ਵਰਤੋਂ ਕਰਦੀ ਹੈ। ਝੂਠ ਬੋਲ ਕੇ, ਪਬਲਿਕ ਰਿਲੇਸ਼ਨੀ ਜੁਗਤਾਂ ਰਾਹੀਂ ‘ਅਗਾਂਹ’ ਨਿਕਲ ਜਾਣ ‘ਚ ਸਫ਼ਲ ਹੁੰਦੀ ਹੈ। ਲੇਖਿਕਾ ਸੰਭਵ/ਅਸੰਭਵ ਘਟਨਾਵਾਂ ਨੂੰ ਬਣਾਵਟੀ ਵਾਸਤਵਿਕਤਾ (contrived reality) ‘ਚ ਬੰਨ੍ਹਦੀ ਹੈ। ਨਾਵਲ ਦੀ ਸਿਰਜੀ ਜਾਅਲੀ ਵਾਸਤਵਿਕਤਾ ‘ਚ ਮਾਇਆ ਦਾ ਇਕੋ ਦਿਨ ‘ਚ ਪਾਸਪੋਰਟ ਬਣਦਾ ਹੈ ਤੇ ਅਮਰੀਕਾ ਦਾ ਵੀਜ਼ਾ ਵੀ ਲੱਗ ਜਾਂਦਾ ਹੈ। ਅਮਰੀਕਾ ਜਾ ਕੇ ਉਹ ਹੋਰ ਠਹਿਰਣਾ ਚਾਹੁੰਦੀ ਹੈ ਤਾਂ ਉਸ ਦਾ ਨਵਾਂ ਪੈਟਰਨ ਕਹਿੰਦਾ, ”ਮੈਂ ਇੰਡੀਅਨ ਗੌਰਮਿੰਟ ਤੋਂ ਵੀਜ਼ਾ ਲਗਵਾ ਦੇਨਾਂ। (ਕੀ ਅਮਰੀਕੀ ਵੀਜ਼ਾ ਭਾਰਤ ਸਰਕਾਰ ਦੇਂਦੀ ਹੈ?)

ਔਰਤ ਬਨਾਮ ਪਿਤਾ ਪੁਰਖੀ ਸਥਾਪਨਾ ਵਾਲਾ ਸੰਸਾਰ। ਸੰਭਾਵਨਾਵਾਂ ਵਾਲਾ ਇਹ ਜੋ ਸਮੱਸਿਆਕਾਰ ਹੈ, ਉਹ ਕੁਰਾਹੇ ਪੈ ਚੁੱਕਾ ਹੈ। ਪਿਤਾ ਪੁਰਖੀ ਹੈਜਮਨੀ ਤੇ ਨਾਵਲਕਾਰ ਦੀ ਪਾਠਗਤ ਨੀਤੀ ‘ਚ ਫਰਕ ਨਹੀਂ ਦਿਖਦਾ। ਦੋਨਾਂ ਦੀ ਮੰਡੀ ਨਾਲ ਲੜਾਈ ਨਹੀਂ।

ਚੰਡੀਗੜ੍ਹ/ਦਿੱਲੀ ਵਾਲੇ ਲੋਕੈਲ ‘ਚ ਮਾਇਆ ਤੀਬਰ ਢੰਗ ਨਾਲ ਵਾਪਰਦੀ ਹੈ ਤੇ ਉਹਦੇ ਰਾਹੀਂ ਲੇਖਿਕਾ ਵਾਪਰਦੀ ਦਿਸਦੀ ਹੈ, ਕਿਉਂਕਿ ਲੇਖਿਕਾ ਦਰਸ਼ਕ ਨਹੀਂ ਮਾਇਆ ਦੀ ਧਿਰ ਹੈ। ਜੇ ਦਰਸ਼ਕ ਹੁੰਦੀ ਤਾਂ ਮਾਇਆ ਨੂੰ ਸੁਤੰਤਰ ਵਿਅਕਤੀ ਬਣਾਂਦੀ। ਤਦ ਮਾਇਆ ਲੇਖਿਕਾ ਵਿਰੁੱਧ ਬਗ਼ਾਵਤ ਕਰ ਦੇਂਦੀ। ਬਗ਼ਾਵਤ ਦਾ ਤੰਤ ਉਸ ਵਿਚ ਲੇਖਿਕਾ ਨੇ ਰਹਿਣ ਨਹੀਂ ਦਿੱਤਾ, ਸਿਰਫ਼ ਚੁਸਤੀ ਨਾਲ ‘ਯੂਜ਼ ਐਂਡ ਥਰੋਅ’ ਦੀ ਜੁਗਤ ਵਰਤਣ ਦੀ ਜਾਚ ਸਿਖੀ ਹੈ। ਨਾਵਲ ਦੀਆਂ ਤੈਹਾਂ ਫਰੋਲਦਿਆਂ ਦਿਸਦਾ ਹੈ ਕਿ ਇਹ ਮੰਡੀ ਦੀ ਸਿਧਾਂਤਕੀ ਅਨੁਕੂਲ ਰਚਿਆ ਗਿਆ ਹੈ। ਮਾਇਆ ਉਹੀ ਕੁਝ ਬੋਲਦੀ ਹੈ ਜੋ ਲੇਖਿਕਾ ਨਿਰਦੇਸ਼ਿਤ ਕਰਦੀ ਹੈ। ਜਾਂ ਲੇਖਿਕਾ ਦਾ ਉਹੀ ਸਟੈਂਡ ਹੈ ਜੋ ਮਾਇਆ ਦਾ ਹੈ। ਬਿਰਤਾਂਤ ਦੋਨਾਂ ਦੀ ਓਵਰਲੈਪਿੰਗ ਵਾਲੀ ਲੀਲਾ ਵਿਚ ਤਬਦੀਲ ਹੁੰਦਾ ਦਿਖਦਾ ਹੈ।

ਮਾਇਆ ਚੰਡੀਗੜ੍ਹ ਦਿੱਲੀ ਅਮਰੀਕਾ ਰਾਣੀਖੇਤ ਘੁੰਮਦੀ ਹੈ ਤੇ ਲੇਖਿਕਾ ਉਹਦਾ ਪ੍ਰਛਾਵਾਂ ਬਣ ਕੇ ਨਾਲ ਰਹਿੰਦੀ ਹੈ। ਬਾਕੀ ਪਾਤਰ, ਜੋ ਮਾਇਆ ਨਾਲ ਮੋਹ ਦੇ ਰਿਸ਼ਤੇ ‘ਚ ਜੁੜਦੇ ਹਨ, ਉਹ ਵੀ ਇਸ ਟ੍ਰੈਪ ‘ਚ ਹਨ। ਉਸੇ ਤਰ੍ਹਾਂ ਦੀ ਬੋਲੀ ਬੋਲਦੇ ਹਨ ਜਿਵੇਂ ਮਾਇਆ ਬੋਲਦੀ ਹੈ ਜਾਂ ਲੇਖਿਕਾ ਬੋਲਦੀ ਹੈ। ਸ਼ਬਦਾਂ ਦੀ ਚੋਣ ਵੀ ਉਹੀ ਹੈ। ਇਵੇਂ ਘਟਨਾਕਾਰੀ ਦਾ ਕੇਂਦਰੀਕਰਨ ਹੋਈ ਜਾਂਦਾ ਹੈ। ਸਭ ਨੇ ਉੱਥੇ ਪੁੱਜਣਾ ਹੈ ਜਿੱਥੇ ਲੇਖਿਕਾ ਪਹੁੰਚਾਣਾ ਚਾਹੁੰਦੀ ਹੈ। ਸਭ ਦਾ ਲਕਸ਼ ਲੇਖਿਕਾ ਦੀ ਰੁਮਾਂਸੀ ਦ੍ਰਿਸ਼ਟੀ ਅਨੁਕੂਲ ਹੈ।

ਸ਼ਿਵ ਮੈਨਨ ਦਾ ਮਿਲਣਾ, ਦਿੱਲੀ ਜਾਣ ਤੇ ਉਹਦੇ ਨਾਲ ਬਜ਼ਨਸੀ ਤੇ ਸੇਜ਼ ਸਾਂਝ ਦਾ ਨਾਤਾ ਆਦਿ, ਫਿਰ ਅਚਾਨਕ ਅਮਰੀਕਾ ਲਈ ਜਾਣ ਦਾ ਕਹਾਣੀ ਮੋੜ, ਏਅਰਪੋਰਟ ‘ਤੇ ਆਰਟ ਕ੍ਰਿਟਿਕ ਦਾ ਮਿਲਣਾ ਤੇ ਦੁਨੀਆਂ ਦੇ ਆਰਟ ਕੇਂਦਰਾਂ ਦਾ ਰਟਣ! ਜਾਂ ਪਾਤਰਾਂ ਦਾ ਇਕ ਦੂਜੇ ਨਾਲ ਪਿਆਰ ਮਿਲਾਪ ਜਾਂ ਸ਼ਾਦੀ ਆਦਿ ਇੱਕੋ ਪੈਰਾਡਾਈਮ ਦੇ ਅਨੁਸਾਰੀ ਹਨ। ਬਾਖ਼ਤਿਨ ਦੇ ਸੰਵਾਦੀ ਬਿਰਤਾਂਤ ਦਾ ਹਵਾਲਾ ਦੇਣਾ ਹੋਵੇ ਤਾਂ ਕਹਾਂਗੇ ਇਹ ਸੰਵਾਦੀ ਦੀ ਜਗ੍ਹਾ ਇਕਾਲਾਪੀ ਰਚਨਾ ਹੈ। ਨਾਵਲ ਲਿਖਣ ਦਾ ਇਹ ਮਾੱਡਲ ਜੇ ਭਾਈ ਵੀਰ ਸਿੰਘ ਜਾਂ ਨਾਨਕ ਸਿੰਘ ਅਨੁਕੂਲ ਮੰਨ ਲਈਏ ਤਾਂ ਸਮੱਸਿਆ ਹਲ ਨਹੀਂ ਹੁੰਦੀ। ਭਾਈ ਸਾਹਿਬ ਤੇ ਨਾਨਕ ਸਿੰਘ ਨੂੰ ਉਸ ਸੰਸਾਰ ਦੀਆਂ ਕਲਪਨਾਵਾਂ ਦੀ ਸੋਝੀ ਸੀ – ਰੁਮਾਂਸੀ ਤੇ ਆਦਰਸ਼ਕ ਕਲਪਨਾਵਾਂ ਦੀ ਜੋ ਉਹ ਚਿਤਰ ਰਹੇ ਸਨ। ਆਪਣੀ ਸੀਮਾ ਦੇ ਅੰਦਰਵਾਰ ਰਹਿ ਕੇ ਉਹ ਰੁਮਾਂਸੀ ਨਾਵਲ ਦਾ ਜੋ ਸਿਰਜਣ ਕਰਦੇ ਹਨ ਉਹਦੀ ਅੰਤਰ-ਲੈਅ ਹੈ।

ਮਾਇਆ ‘ਚ ਅੰਤਰ-ਲੈਅ ਖੰਡਿਤ ਹੈ ਕਿਉਂ ਜੋ ਲੇਖਿਕਾ ਸੀਮਤ ਅਨੁਭਵ ਰਾਹੀਂ ਅਸੀਮ ਫੈਲਾਅ ਦੇ ਰਾਹੇ ਪਈ ਹੋਈ ਹੈ। ਦੋ ਨਾਵਲਾਂ ਦਾ ਮਸੌਦਾ ਇੱਕੋ ‘ਚ ਫਿਟ ਹੁੰਦਾ ਹੈ। ਦੋ ਲੋਕੈਲਾਂ ‘ਤੇ ਕਹਾਣੀ ਦੀ ਸਮਾਨਾਂਤਰਤਾ ਨੂੰ ਕਾਇਮ ਰੱਖਣਾ ਨਵੀਂ ਕਾਢ ਨਹੀਂ ਹੈ, ਪਰ ਇਸ ਅੰਤਰ-ਜੋੜ ਲਈ ਵਿਧੀਰਵਾਇਤੀ ਜਾਂ ਯੰਤਰੀ ਸਫ਼ਲ ਨਹੀਂ ਹੁੰਦੀ। ਮਾਇਆ ‘ਚ ਸਮਾਨਾਂਤਰ ਲੋਕੈਲ ‘ਚ ਵਾਪਰਣ ਵਾਲੀਆਂ ਘਟਨਾਵਾਂ ਨੂੰ ਸਿਰਫ਼ ਸਾਹਿਬਜੀਤ ਜੋੜਨ ਵਾਲਾ ਹੈ ਜਾਂ ਕਿਸੇ ਹੱਦ ਤੱਕ ਮਾਇਆ ਆਪ। ਪਰ ਲੇਖਿਕਾ ਦੀਆਂ ਟਿੱਪਣੀਆਂ ਕਿਤੇ ਜ਼ਿਆਦਾ ਜੋੜਦੀਆਂ ਹਨ ਜੋ ਮਕਾਨਕੀ ਕਵਾਇਦ ਹੈ। ਨਾਵਲ ‘ਚ 1984 ਦੀ ਸਿੱਖ ਖਾੜਕੂਵਾਦ ਦੇ ਹਵਾਲੇ ਨਾਲ ਮੌਜੂਦ ਸਮੱਗਰੀ ਧਿਆਨ ਖਿੱਚਦੀ ਹੈ। ਓਪ੍ਰੇਸ਼ਨ ਬਲੂ ਸਟਾਰ ਤੇ ਓਪ੍ਰੇਸ਼ਨ ਬਲੈਕ ਥੰਡਰ ਦਾ ਜ਼ਿਕਰ ਹੈ, ਪਰ ਇਸ ਜ਼ਿਕਰ ਪਿੱਛੇ ‘ਸਿੱਖ ਕੌਮ ਦੀ ਆਜ਼ਾਦੀ’ ਦਾ ਹਵਾਲਾ ਜੋ ਦੱਸਿਆ ਗਿਆ ਹੈ, ਉਹਦੇ ਆਰ ਜਾਂ ਪਾਰ ਦਾ ਕੋਈ ਜ਼ਿਕਰ ਨਹੀਂ ਹੈ। ਕੀ ਪੰਜਾਬ ਦੇ ਪਿੰਡੇ ਨੂੰ ਲੂਹਣ ਵਾਲੀਆਂ ਘਟਨਾਵਾਂ ਨੂੰ ਸਰਸਰੀ ਹਵਾਲੇ ਨਾਲ ਦੇਖਿਆ ਜਾਣਾ ਚਾਹੀਦਾ ਹੈ? ਇਹਦੀ ਰਾਜਨੀਤੀ, ਇਹਦੀ ਸਿਧਾਂਤਕੀ ਨੂੰ ਬਿਨਾਂ ਛੋਹਿਆਂ ਇਹਦਾ ਜੋ ਬਿਆਨ ਹੈ, ਇਹਦੇ ਅਰਥ ਕੀ ਹਨ? ‘ਕੌਮ ਦੀ ਆਜ਼ਾਦੀ’ ਦਾ ਹਵਾਲਾ ਹੈ, ਇਹਦਾ ਸਿਆਸੀ ਤਰਕ ਕਿਤੇ ਨਹੀਂ ਹੈ।

ਸਾਹਿਬਜੀਤ ਵਰਗਾ ਪਾਤਰ, ਜੋ ਪਹਿਲਾਂ ਖਾੜਕੂ ਸਿਧਾਂਤਕੀ ਅਨੁਸਾਰ ਬੋਲਦਾ ਹੈ, ਬਾਅਦ ਵਿਚ ਮਲੂਕੜਾ ਰੁਮਾਂਸੀ ਤੇ ਸਿਆਸੀ ਮੋੜਾਂ ਤੋਂ ਬੇਲਾਗ ਕਿਵੇਂ ਰਹਿੰਦਾ ਹੈ? ਉਹ ਵੀ ਮਾਇਆ ਦੀ ਭਾਸ਼ਾ ਬੋਲਣ ਲੱਗਦਾ ਹੈ। ਸਿੱਖ ਰਹਿਤਲ ਨੂੰ ਨਾਵਲੀ ਪੇਸ਼ਕਾਰੀ ‘ਚ ਅਹਮੀਅਤ ਹੈ। ਇਹ ਸਾਰੀਆਂ ਗੱਲਾਂ ਇਸ ਨਾਵਲ ਵਲ ਧਿਆਨ ਖਿੱਚਦੀਆਂ ਹਨ, ਜਿਵੇਂ ਸਾਹਿਬਜੀਤ ਦਾ ਕਿਰਦਾਰ ਹੋਰਾਂ ਸਭ ਕਿਰਦਾਰਾਂ ਤੋਂ ਵੱਧ ਅਹਿਮੀਅਤ ਵਾਲਾ ਬਣਦਾ ਹੈ। ਪਰ ਗੱਲ ਵਿਚਾਲੇ ਰਹਿ ਜਾਂਦੀ ਹੈ। ਮਸਲਾ ਤਦ ਇਹ ਹੈ ਕਿ ਨਾਵਲ ਵਿਚ ਜੋ ਅਲਪ ਪੱਧਰ ‘ਤੇ ਪ੍ਰਮਾਣਿਕ ਛੋਹਾਂ ਵਾਲਾ ਹਿੱਸਾ ਹੈ ਉਹ ਅਪ੍ਰਮਾਣਿਕ ਫੈਲਾਅ ਹੇਠ ਦੱਬ ਜਾਂਦਾ ਹੈ। ਜੰਮੂ ਵਾਲੀ ਸਥਾਨਿਕਤਾ ਦਾ ਜੋ ਨਾਵਲ ਵਿਚ ਹਿੱਸਾ ਹੈ, ਉਹਦੇ ਸਾਹਮਣੇ ਚੰਡੀਗੜ੍ਹ ਜਾਂ ਦਿੱਲੀ ਜਾਂ ਅਮਰੀਕਾ ਵਾਲੀ ਸਥਾਨਿਕਤਾ, ਜੋ ਮਾਇਆ ਦੇ ਕਿਰਦਾਰ ਦਾ ਵੱਖਰਾ ਰੂਪ ਪ੍ਰਸਤੁਤ ਕਰਦੀ ਹੈ, ਅਪ੍ਰਮਾਣਿਕ ਹੈ। ਜ਼ਾਹਿਰ ਹੈ, ਨਾਵਲ ਦਾ ਜ਼ਿਆਦਾ ਹਿੱਸਾ ਚਾਲੂ/ਅਪ੍ਰਮਾਣਿਕ ਚਿਤਰਪਟ ਨੇ ਮੱਲਿਆ ਹੋਇਆ ਹੈ ਜਿਸ ਕਰਕੇ ਜੰਮੂ ਵਾਲੀ ਸਥਾਨਿਕਤਾ ਦਾ ਕਾਰਜ-ਕਰਮ ਤੇ ਘਟਨਾਵਲੀ ਦੂਜੈਲੀ ਥਾਂ ‘ਤੇ ਜਾ ਖੜਦਾ ਹੈ। ਨਾਵਲ ਚੂੰਕਿ ਮਾਇਆ ‘ਤੇ ਕੇਂਦ੍ਰਿਤ ਹੈ ਤਾਂ ਜੰਮੂ ਵਾਲੀ ਸਥਾਨਿਕਤਾ ਸਮੁੱਚੇ ਪ੍ਰਸੰਗ ‘ਚ ਅਰਥ ਗੰਵਾ ਦੇਂਦੀ ਹੈ ਕਿਉਂਕਿ ਮਾਇਆ ਨੇ ਜੰਮੂ ਨੂੰ ਲਗਪਗ ਹਮੇਸ਼ਾਂ ਲਈ ਤਿਆਗ ਦਿੱਤਾ ਹੈ। ਜੰਮੂ, ਦਿੱਲੀ (ਅਮਰੀਕਾ) ਅਤੇ ਅੰਤ ਵਿਚ ਮਕਲੋਡਗੰਜ। ਤਿੰਨਾ ਦੇ ਬਿਰਤਾਂਤ ਵਿਚ ਜੋ ਖੋਲ ਹਨ ਉਹ ਲੇਖਿਕਾ ਦੀਆਂ ਟਿੱਪਣੀਆਂ/ਤਬਸਰੇ ਰਾਹੀਂ ਹੀ ਪੁਰ ਹੁੰਦੇ ਹਨ। ਲੇਖਿਕੀ over-presence ਬਿਰਤਾਂਤ ਲਈ ਉਸੇ ਤਰ੍ਹਾਂ ਅਸਹਿ ਹੈ ਜਿਵੇਂ ਬਲਬੀਰ ਲਈ ਪਿਤਾ ਪੁਰਖੀ ਫ਼ਾਸ਼ੀਵਾਦ।

600 ਸਫ਼ਿਆਂ ਤੋਂ ਬਾਅਦ ਜੇ ਮਾਇਆ ਮਕਲੋਡਗੰਜ ਦੇ ਨਿਮਨਾਂ ‘ਚ ਰਹਿ ਕੇ, ਮਦਰ ਟੀਰੇਸਾ ਵਾਂਗ, ਪੀੜਤਾਂ ਦੀ ਪੀੜਾ ਹਰਨ ਕਰਦੀ ਹੈ ਤਾਂ ਇਹ ਸ਼ੁਰੂ ਤੋਂ ਤੁਰੀ ਆ ਰਹੀ ਯੰਤਰਤਾ ਦੀ ਆਖਰੀ ਕਿਸ਼ਤ ਬਣੇ ਬਗ਼ੈਰ ਨਹੀਂ ਰਹਿ ਸਕਦੀ। ਮਾਇਆ ਦਾ ਵਿਚਾਰਧਾਰਕ ਮੋੜ ਕਿਸੇ ਤਰ੍ਹਾਂ ਦੀ ਨਵੀਂ ਅੰਤਰ-ਲੈਅ ਪੈਦਾ ਕਰਨ ਦੇ ਸਮਰਥ ਨਹੀਂ ਰਹਿੰਦਾ। ਜੇ ਲੇਖਿਕਾ ਨੇ ਅਜਿਹਾ ਅੰਤ ਕਰਨਾ ਸੀ ਤਾਂ ਉਹਨੂੰ ਤਿੰਨ ਚੌਥਾਈ ਹਿੱਸੇ ਦੀ ਬਣਾਵਟ ਵਲ ਧਿਆਨ ਦੇ ਕੇ ਨਾਵਲ ਨੂੰ ਮੁੜ ਤੋਂ ਲਿਖਣਾ ਚਾਹੀਦਾ ਸੀ। ਨਤੀਜਾ ਇਹ ਕਿ ਅਖੀਰਲੇ ਭਾਗ ਦੀ ਘਟ ਅਸ਼ਾਂਤ ਸੁਰ ਪਹਿਲੇ ਵੱਡੇ ਹਿੱਸੇ ਦੀ ਅਪਾਰ ਪੱਧਰ ਦੀ ਅਸ਼ਾਂਤ ਸੁਰ (hyper tonality) ਦੇ ਮੁਕਾਬਲੇ ਸਿੱਥਲ ਦਿਖਦੀ ਹੈ। ਨਿਮਨਾਂ ਦੀ ਪੀੜਾ ਹਰਨ ਕਰਨ ਦਾ ਮੋੜ ਅਖਤਿਆਰ ਕਰਕੇ ਜ਼ਿੰਦਗੀ ਦੀ ਸੰਪੂਰਤਾ ਪ੍ਰਾਪਤ ਕਰਨ ਦਾ ਇਲਹਾਮ ਵੀ ਝਟਕੇ ਵਾਂਗ ਹੁੰਦਾ ਹੈ। ਕੁੱਲ ਮਿਲਾ ਕੇ, ਨਾਵਲ ‘ਚ ਕੁਝ ਟੁਕੜੀਆਂ ਬਹੁਤ ਚੰਗੀਆਂ ਹਨ, ਪਰ ਇਹ ਨਾਵਲ ਨੂੰ ਬਚਾਉਣ ‘ਚ ਕਾਮਯਾਬ ਨਹੀਂ ਹੁੰਦੀਆਂ। ਨਾ ਮਕਲੋਡਗੰਜ ਦਾ ਅੰਤ ਪਹਿਲੇ ਛੇਅ ਸੌ ਸਫ਼ਿਆਂ ਦੀ hyper tension ਦੇ ਮੁਕਾਬਲੇ ਖੜ ਸਕਦਾ ਹੈ।

ਸ਼ਿਕਾਰਗਾਹ ਜਿਵੇਂ ਰਿਲੀਜ਼ ਹੋਇਆ, ਤੇ ਹੁਣ ਮਾਇਆ ਬਾਰੇ ਜੋ ਪ੍ਰਮੋਸ਼ਨੀ ਏਜੰਡਾ ਤਿਆਰ ਹੈ, ਉਸ ਦੇ ਕੇਂਦਰ ਵਿਚ ਲੇਖਿਕਾ ਸੁਰਿੰਦਰ ਨੀਰ ਹੈ। ਨਾਵਲ ‘ਚ ਮਾਇਆ ਅਗਾਂਹ ਜਾਣ ਲਈ ਸਮਝੋਤਾ ਕਰਦੀ ਹੈ, ਕਲਾ ਦੀ ਮੰਡੀ ਅੰਦਰ ਜਾ ਖੁੱਭਦੀ ਹੈ, ਕਲਾ ਸੰਸਾਰ ਦੀ ਟੀਸੀ ‘ਤੇ ਪੁੱਜਣਾ ਚਾਹੁੰਦੀ ਹੈ। ਜ਼ਾਹਿਰ ਹੈ ਲੇਖਿਕਾ ਕੋਲ ਮੰਡੀ ਦਾ ਪੁੱਖਤਾ ਵਿਕਲਪ ਨਹੀਂ ਹੈ, ਜਿਵੇਂ ਉਹਦੇ ਕਿਰਦਾਰ ਮਾਇਆ ਕੋਲ ਵੀ ਨਹੀਂ ਹੈ ਭਾਵੇਂ ਅੰਤ ਵਿਚ ਉਹ ਤਬਦੀਲ ਹੁੰਦੀ ਦਿਖਦੀ ਹੈ। ਜੇ ਇਹ ਗੱਲ ਹੈ ਤਾਂ ਏਥੇ ਔਰਤ ਦੀ ਆਜ਼ਾਦ ਹਸਤੀ ਦਾ ਤਸੱਵਰ ਬੇਜ਼ਮੀਨਾ ਹੋ ਜਾਂਦਾ ਹੈ, ਕਿਉਂਕਿ ਵਿਸ਼ਵੀਕਰਨ ਦੇ ਇਸ ਯੁੱਗ ਵਿਚ ਸਾਹਿਤ/ਕਲਾ ਦੀ ਮੰਡੀ ਵਿਚ ਔਰਤ ਅਤੇ ਕਲਾ ਦੋਨਾਂ ਨੂੰ ਵਸਤੂ ਹੀ ਸਮਝਿਆ ਜਾਂਦਾ ਹੈ।

ਮਾਇਆ ਨਾਵਲ ਦੇ ਪਿਛਲੇ ਪਾਸੇ ਦਿੱਤੀ ਗਈ ਲੇਖਿਕ ਦੀ ਤਸਵੀਰ ਦੀ ਚਿਹਨਕਤਾ ਅਤੇ ਸ਼ਿਕਾਰਗਾਹ ‘ਚ ਮੌਜੂਦ ਭੂਮਿਕਾ ਅਤੇ ਜੈਕਟ ਕਵਰ ‘ਤੇ ਟੀਸੀ ਮੁਖ ਬਿਆਨ ਇਸ ਪ੍ਰਸੰਗ ‘ਚ ਅਰਥਾਂ ਤੋਂ ਖਾਲੀ ਨਹੀਂ ਹੈ।

-ਗੁਰਬਚਨ

Crossposted from Gulaam Kalam 

Posted in Literature, Novel | Tagged , , , , , , , , , , , , | 2 Comments

ਪੰਜਾਬ ਨੂੰ ਭਵਿੱਖ ਵੱਲ ਦੇਖਣ ਦੀ ਲੋੜ

‘ਨੇਸ਼ਨ ਸਟੇਟ’ ਭਾਰਤ ਦੇ ਪ੍ਰਸੰਗ ‘ਚ ਸਾਕਾਰ ਹੋ ਚੁੱਕੀ ਵਾਸਤਵਿਕਤਾ (fait accompli) ਹੈ। ਸੰਕਟ ‘ਨੇਸ਼ਨ ਸਟੇਟ’ ਦਾ ਨਹੀਂ, ਸੰਕਟ ਇਹਨੂੰ ਊਰਜਿਤ ਕਰਨ ਵਾਲੀ ਵਿਚਾਰਧਾਰਾ ਦਾ ਹੈ। ਜਿਸ ਦੇਸ਼ ਵਿਚ ਧਰਮ, ਜਾਤੀ, ਭਾਸ਼ਾ ਦੇ ਏਨੇ ਵਖੇਵੇਂ ਹੋਣ, ਉੱਥੇ ਕਿਸੇ ਇਕ ਧਰਮ ਜਾਂ ਭਾਸ਼ਾ ਦੀ ਹੈਜਮਨੀ ਸਵੀਕਾਰ ਨਹੀਂ ਹੋ ਸਕਦੀ, ਨਾ ਇਹ ਜਮਹੂਰੀਅਤ ਦੇ ਸੰਕਲਪ ਦੀ ਅਨੁਸਾਰੀ ਹੁੰਦੀ ਹੈ। ਭਾਰਤ ਵਿਚ ਨੇਸ਼ਨ ਸਟੇਟ ਦੇ ਤਸੱਵਰ ਨੂੰ ਹਿੰਦੂਤਵ ਦੇ ਬ੍ਰਾਹਮਣੀ ਅਵਚੇਤਨ ਨੇ ਊਰਜਿਤ ਕੀਤਾ ਹੋਇਆ ਹੈ। ਇਹਨੇ ਦੇਸ਼ ਵਿਚ ਅਨੇਕਾਂ ਅੰਤਰ-ਵਿਰੋਧਾਂ ਨੂੰ ਭਖਾਇਆ ਹੈ। ਦੋ ਮਹਾਂ-ਦੁਖਾਂਤ ਇਸ ਕਰਕੇ ਹੀ ਪੈਦਾ ਹੋਏ। ਪਹਿਲਾਂ 1947 ‘ਚ ਤੇ ਬਾਅਦ ਵਿਚ 1984 ‘ਚ। ਦੋਵੇਂ ਵੇਰ ਪੰਜਾਬ ਲੂਹਿਆ ਗਿਆ।

ਹਿੰਦੂਤਵ ਹੈਜਮਨੀ ਦੇ ਪ੍ਰਤਿਕਰਮ ਵਜੋਂ ਪੰਜਾਬ ਵਿਚ ਸਿੱਖ ਪਛਾਣ ਦੀ ਰਾਜਨੀਤੀ ਦੇ ਨਤੀਜੇ ਅਜੇ ਤੱਕ ਚੰਗੇ ਨਹੀਂ ਨਿਕਲੇ, ਨਾ ਭਵਿੱਖ ਵਿਚ ਨਿਕਲਣੇ ਹਨ। ਇਹ ਰਾਜਨੀਤੀ ਪ੍ਰਤਿਕਿਰਿਆਵੀ (reactive) ਹੈ। ਧਰਮ ਅਧਾਰਿਤ ਰਾਜਨੀਤੀ ਅੱਜ ਦੀਆਂ ਚੁਣੌਤੀਆਂ ਦਾ ਜੁਆਬ ਨਹੀਂ ਹੈ। ਪੰਜਾਬ ‘ਚ ਡੇਰਾਵਾਦ ਤੇ ਦਲਿਤਵਾਦ ਸਿੱਖ ਪਛਾਣ ਦੀ ਰਾਜਨੀਤੀ ਦੇ ਵਿਪ੍ਰੀਤ ਪਰਤੌ ਬਣ ਚੁੱਕੇ ਹਨ, ਜਿਸ ਨਾਲ ਬਖ਼ੇੜੇ ਵਧੇ ਹਨ। ਲੋੜ ਇਸ ਰਾਜਨੀਤੀ ਤੋਂ ਪਾਰ ਜਾਣ ਦੀ ਹੈ। ਜੇ ਆਮ ਮਨੁੱਖ ਦੇ ਅਵਚੇਤਨ ‘ਚ ਧਰਮ ਦੀ ਛਾਪ ਹੈ ਤਾਂ ਇਹਨੂੰ ਤੀਬਰ ਕਰਨ ਦੀ ਜਗ੍ਹਾ ਜ਼ਰੂਰਤ ਆਧੁਨਿਕ ਤਰਜ਼ ਦੇ ਨਵ-ਜਾਗਰਨ ਦਾ ਰਾਹ ਫੜਨ ਦੀ ਹੈ ਜੋ ਪੰਜਾਬ ਦੀ ਸਥਾਨਿਕਤਾ ਨੂੰ ਬੌਧਿਕ ਜੁਗਤਾਂ ਨਾਲ ਮਜ਼ਬੂਤ ਕਰ ਸਕੇ। ਅਜੇ ਤੱਕ ਪੰਜਾਬ ਭਾਵੁਕਤਾ ਦੇ ਭੰਵਰ ‘ਚ ਖੁੱਭਾ ਰਿਹਾ ਹੈ। ਏਥੋਂ ਦੀ ਸਥਾਨਿਕਤਾ ਦੇ ਕੇਂਦਰ ਵਿਚ ਪੰਜਾਬੀ ਭਾਸ਼ਾ ਤੇ ਸਭਿਆਚਾਰ ਦਾ ਸੁਆਲ ਹੈ। ਪਛਾਣ ਦੀ ਰਾਜਨੀਤੀ ਨੇ ਬੌਧਿਕ ਪਰੰਪਰਾ ਨੂੰ ਪਨਪਨ ਨਹੀਂ ਦਿੱਤਾ।

ਫਿਲਹਾਲ ਦੇ ਨਵੇਂ ਅੰਕ ਦਾ ਕਵਰ ਪੇਜ

ਖੱਬੀਆਂ ਧਿਰ ਨੇ ਇਸ ਮਸਲੇ ਵਲ ਕਦੇ ਲੋੜੀਂਦਾ ਧਿਆਨ ਨਹੀਂ ਦਿੱਤਾ। ਪੰਜਾਬ ਦੇ ਭਵਿੱਖ ਬਾਰੇ ਉਨ੍ਹਾਂ ਕੋਲ ਵਿਯਨ ਨਹੀਂ ਹੈ। ਮਾਰਕਸਵਾਦ ਨੂੰ ਸੌੜੇ/ਯੰਤਰੀ ਢੰਗ ਨਾਲ ਲੈਂਦਿਆਂ ਉਨ੍ਹਾਂ ਸਿੱਖ ਧਰਮ ਅਤੇ ਇਤਿਹਾਸ ਦੀ ਏਨੇ ਲੰਮੇ ਸਮੇਂ ਤੋ ਪੰਜਾਬ ‘ਚ ਅਸਰਦਾਰ ਮੀਡੀਏਸ਼ਨ ਸਮੇਤ ਪੰਜਾਬੀ ਭਾਸ਼ਾ ਤੇ ਸਭਿਆਚਾਰ ਬਾਰੇ ਬੌਧਿਕ ਸੰਵਾਦ ਪੈਦਾ ਨਹੀਂ ਕੀਤਾ। ਇਤਿਹਾਸਕ ਤੱਥ ਦੱਸਦੇ ਹਨ ਕਿ ਪੰਜਾਬ ‘ਚ ਜੋ ਵੀ ਸੰਕਟ ਪੈਦਾ ਹੋਇਆ ਉਹਦੇ ਲਈ ਜ਼ਿੰਮੇਵਾਰ ਕਾਂਗਰਸ ਪਾਰਟੀ ਦੀ ਕੇਂਦਰੀਕਰਨ ਵਾਲੀ ਨੀਤੀ ਹੈ, ਜਿਸ ਦੀ ਤਹਿ ‘ਚ ਹਿੰਦੁਤਵੀ/ਬ੍ਰਾਹਮਣੀ ਅਵਚੇਤਨ ਹੈ। ਇਸ ਵਿਚਾਰਧਾਰਾ ‘ਤੇ ਹੀ ਇਹਦਾ ਨੇਸ਼ਨ ਸਟੇਟ ਦਾ ਤਸੱਵਰ ਉੱਸਰਿਆ ਹੋਇਆ ਹੈ। ਇਹ ਗੱਲ ਖੱਬਿਆਂ ਨੇ ਨਹੀਂ ਸਮਝੀ। ਜੇ ਸਮਝੀ ਤਾਂ ਕੋਈ ਪੋਜ਼ੀਸ਼ਨ ਨਹੀਂ ਲਈ। ਪੰਜਾਬ ‘ਚ ਖਾੜਕੂਵਾਦ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਤਿ-ਉੱਤਰ ਬਣ ਗਿਆ। ਸਿਆਸਤ ਦੀ ਹਿੰਸਾ ਨੇ ਬੰਦੂਕ ਦੀ ਪ੍ਰਤਿਹਿੰਸਾ ਪੈਦਾ ਕਰ ਦਿੱਤੀ, ਤੇ ਬਲਦੀ ਦੇ ਬੁੱਥੇ ‘ਤੇ ਪੰਜਾਬ ਤੇ ਇਸ ਭੂਖੰਡ ਦੇ ਹੱਕ ‘ਚ ਭੁਗਤਨ ਵਾਲਾ ਬੰਦਾ ਆ ਗਿਆ।

ਪੰਜਾਬ ਸੰਕਟ ਦਾ ਟ੍ਰੈਕ ਬਦਲ ਲਿਆ। ਮੰਗਾਂ ਪਿਛਾਂਹ ਰਹਿ ਗਈਆਂ, ਸੁਆਲ ਆਤੰਕ ਨਾਲ ਨਿਪਟਣ ਦਾ ਅਗਾਂਹ ਆ ਗਿਆ। ਪੰਜਾਬ ਦੇ ਹੱਕ ਹਮੇਸ਼ਾਂ ਲਈ ਪਸਤ ਹੋ ਗਏ। ਚੰਡੀਗੜ੍ਹ ਖੁੱਸ ਗਿਆ। ਪੰਜਾਬ ਦੀ ਸਥਾਨਿਕਤਾ ਨੂੰ ਮਜ਼ਬੂਤ ਕਰਨ ਦੀਆਂ ਜੁਗਤਾਂ ਗ਼ਾਇਬ ਹੋ ਗਈਆਂ। ਪੰਜਾਬੀ ਭਾਸ਼ਾ ਦੀ ਅਪ੍ਰਸੰਗਿਕਤਾ ਵਧਣੀ ਸ਼ੁਰੂ ਹੋ ਗਈ। ਅਜੀਬ ਗੱਲ ਇਹ ਹੈ ਕਿ ਪੰਜਾਬ ਦਾ ਵਾਲੀ ਵਾਰਿਸ ਸਿਵਾਏ ਅਕਾਲੀਆਂ ਦੇ ਹੋਰ ਕੋਈ ਨਹੀਂ ਸੀ ਦਿਸ ਰਿਹਾ। ਖੱਬੀਆਂ ਧਿਰਾਂ ਸਾਕਾਰਾਤਮਿਕ ਰੋਲ ਅਦਾ ਕਰ ਸਕਦੀਆਂ ਸਨ। ਪਹਿਲਾਂ ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਆਧਾਰ ‘ਤੇ ਸੂਬੇ ਦੀ ਮੰਗ ਨਾ ਕੀਤੀ। ਉਹ ਅਕਾਲੀਆਂ ਦਾ ਵਿਰੋਧ ਕਰਨ ਦੀ ਧੁਨ ‘ਚ ਪੰਜਾਬ ਬਾਰੇ ਉੱਕਾ ਬੇਫ਼ਿਕਰੇ ਅਤੇ ਅਲਗਰਜ਼ ਹੋ ਗਏ। ਖਾੜਕੂਵਾਦ ਦੌਰਾਨ ਕਾਂਗਰਸ ਤੇ ਪੰਜਾਬ ਦੀ ਮਹਾਸ਼ਾ ਲੌਬੀ ਦੇ ਸੰਗੀ ਸਾਥੀ ਬਣੇ ਦਿੱਸੇ। ਜਦ ਤੱਕ ਨੇਸ਼ਨ ਸਟੇਟ ਨੂੰ ਕਾਇਮ ਰੱਖਣ ਵਾਲੀ ਵਿਚਾਰਧਾਰਾ ਹਿੰਦੂਤਵੀ ਚੜ੍ਹਤ ਦੇ ਅਵਚੇਤਨ ਦੀ ਸ਼ਿਕਾਰ ਰਹਿੰਦੀ ਹੈ ਤਦ ਤੱਕ ਕੋਈ ਨਾ ਕੋਈ ਸੰਕਟ ਪੈਦਾ ਹੁੰਦਾ ਰਹਿਣਾ ਹੈ। ਪ੍ਰਤਿਕਰਮ ਵਜੋਂ ਦੂਜੀਆਂ ਜਾਤੀਆਂ ਦੀ ਰਾਜਨੀਤੀ ਆਕ੍ਰਮਣੀ ਹੋਣ ਦੀ ਸੰਭਾਵਨਾ ਵੱਧਦੀ ਰਹਿਣੀ ਹੈ। ਪੰਜਾਬ ਵਿਚ ਜਦ ਆਰੀਆ ਸਮਾਜ ਦੀ ਨੀਤੀ ਪੰਜਾਬੀ ਭਾਸ਼ਾ/ਸਭਿਆਚਾਰ ਦਾ ਵਿਰੋਧ ਕਰਨ ਦੀ ਰਹੀ ਤਦ ਹੀ ਸਿੱਖ ਰਾਜਨੀਤੀ ਨੇ ਆਕ੍ਰਮਣੀ ਰੂਪ ਧਾਰਣ ਕੀਤਾ। ਅਜਿਹੀ ਸਥਿਤੀ ‘ਚ ਪੰਜਾਬੀ ਕੌਮੀਅਤ ਦਾ ਸੁਆਲ ਅਪ੍ਰਸੰਗਿਕ ਹੋ ਗਿਆ। ਸਿੱਖ ਪਛਾਣ ਦਾ ਸੁਆਲ ਪੰਜਾਬੀ ਕੌਮੀਅਤ ਦਾ ਵਿਕਲਪ ਬਣ ਗਿਆ।

ਕਾਮਰੇਡ ਇਸ ਸਥਿਤੀ ਦੀ ਤੈਹ ਵਿਚ ਜਾਣ ਤੋਂ ਇਨਕਾਰ ਕਰਦੇ ਰਹੇ, ਤੇ ਘੜੇ ਘੜਾਏ ਨੁਸਖ਼ੇ ਅਨੁਸਾਰ ਕਾਂਗਰਸ ਨੂੰ ਅਕਾਲੀਆਂ ਦੇ ਮੁਕਾਬਲੇ ‘ਸੈਕੁਲਰ’ ਸਮਝਦੇ ਰਹੇ। ਨਤੀਜਾ : ਪੰਜਾਬ ਦੀਆਂ ਆਰਥਿਕ ਤੇ ਸਭਿਆਚਾਰਕ ਮੰਗਾਂ ਦਾ ਮਾਮਲਾ ਸਿੱਖ ਪਛਾਣ ਦੀ ਆਕ੍ਰਮਣੀ ਰਾਜਨੀਤੀ ਦੀ ਜੱਦ ਵਿਚ ਰਿਹਾ। ਕੁਝ ਇਕ ਕਮਿਊਨਿਸਟ ਨੇਤਾ, ਜਿਨ੍ਹਾਂ ਵਿਚ ਹਰਕਿਸ਼ਨ ਸਿੰਘ ਸੁਰਜੀਤ ਪ੍ਰਮੁੱਖ ਸੀ, ਵਾਪਰ ਰਹੀ ਸਿਆਸੀ ਖੇਡ ਵਿਚ, ball picker ਦਾ ਕਾਰਜ ਹੀ ਨਿਭਾਂਦੇ ਰਹੇ। ਪੰਜਾਬ ਦੀ ਸਥਾਨਿਕਤਾ ਨੂੰ ਮਜ਼ਬੂਤ ਕਰਨ ਵਾਲੀਆਂ ਇਕਾਈਆਂ ਉਨ੍ਹਾਂ ਦੇ ਕਾਰਜ-ਏਜੰਡੇ ਤੋਂ ਦੂਰ ਰਹੀਆਂ। ਉਹ ਇਨ੍ਹਾਂ ਨੂੰ ਆਧੁਨਿਕ ਅਤੇ ਖੱਬੇਪਖੀ ਰੂਪ ਦੇ ਸਕਦੇ ਸਨ। ਇਸ ਨਾਅਹਿਲੀ ਕਰਕੇ ਪੰਜਾਬ ਨਾਲ ਜੁੜੇ ਮਸਲੇ, ਤੇ ਸੱਤਾ ਦੇ ਵਿਕੇਂਦਰੀਕਰਨ ਦਾ ਸੁਆਲ ਆਦਿ, ਅਕਾਲੀਆਂ ਦੇ ਸਿਆਸੀ ਖੇਮੇ ‘ਚ ਪਏ ਰਹੇ। ਅਕਾਲੀਆਂ ਲਈ (Idea of Punjab) ‘ਪੰਜਾਬ ਦਾ ਤਸੱਵਰ’ ਸਿੱਖ ਪਛਾਣ ਦੀ ਸਿਆਸਤ ਥਾਣੀਂ ਹੋ ਕੇ ਗੁਜ਼ਰ ਸਕਦਾ ਸੀ। ਉਹ ਪੰਜਾਬੀ ਭਾਸ਼ਾ ਦੇ ਹੱਕ ਵਿਚ ਕੁਝ ਨਾ ਕਰ ਸਕੇ। ਚੰਡੀਗੜ੍ਹ ਵੀ ਹੱਥੋਂ ਗੰਵਾ ਲਿਆ। ਖੱਬੀ ਧਿਰ ਵਲੋਂ ਚੰਡੀਗੜ੍ਹ ਦੇ ਖੁਸ ਜਾਣ ਦਾ ਖਾਸ ਵਿਰੋਧ ਨਾ ਹੋਇਆ। ਇਸ ਸਥਿਤੀ ਨੇ ਹੀ ਸਿੱਖ ਮਿਲੀਟੈਂਸੀ ਨੂੰ ਪੈਦਾ ਕੀਤਾ। ਕਾਂਗਰਸ ਤੈਹ-ਦਿਲੋਂ ਇਹੀ ਚਾਹੁੰਦੀ ਸੀ। ਹੁਣ ਇਹ ਪੰਜਾਬ ਸੰਕਟ ਨੂੰ ਦੇਸ਼ ਏਕਤਾ ਦੇ ਨਾਂ ‘ਤੇ ਨਜਿੱਠ ਸਕਦੀ ਸੀ।

ਕੁੱਲ ਮਿਲਾ ਕੇ ਅੱਜ ਸੁਆਲ ਪੰਜਾਬ ਦੇ ਭਵਿੱਖ ਦਾ ਹੈ। ਇਸ ਪ੍ਰਸੰਗ ਵਿਚ ਸਿੱਖ ਪਛਾਣ ਦੀ ਸਿਆਸਤ Sikh identity politics ਪਿੱਛਲ-ਮੂੰਹੀ, ਘਟਾਓਵਾਦੀ ਤੇ ਆਪਾ-ਮਾਰੂ ਹੈ। ਇਹ ਸਮਾਂ ਵਿਹਾਜ ਚੁੱਕੀ ਸਿਆਸਤ ਹੈ। ਇਹ ਹਿੰਦੂਤਵੀ ਸਿਆਸੀ ਅਵਚੇਤਨ ਦਾ ਪ੍ਰਤਿਕਰਮ ਜ਼ਰੂਰ ਹੈ, ਜਿਸ ਨੇ ਪਹਿਲਾਂ ਹੀ ਬਖੇੜੇ ਪੈਦਾ ਕੀਤੇ ਹੋਏ ਹਨ। ਕਿਸੇ ਵੀ ਭੂਖੰਡ ਵਿਚ ਧਰਮ-ਅਧਾਰਿਤ ਰਾਜਨੀਤੀ ਕਾਰਗਰ ਸਿੱਧ ਨਹੀਂ ਹੋ ਸਕਦੀ। ਵੈਸੇ ਵੀ, ਵਿਸ਼ਵੀਕਰਨ ਦੇ ਯੁੱਗ ‘ਚ, ਆਰਥਿਕਤਾ+ਸਿਆਸਤ ਦਾ ਟ੍ਰੈਕ ਬਦਲ ਚੁੱਕਾ ਹੈ। ਪੰਜਾਬ ‘ਚ ਹੋਰ ਤਰ੍ਹਾਂ ਦੇ ਸੰਕਟ ਉਤਪੰਨ ਹੋ ਚੁੱਕੇ ਹਨ। ਸਿੱਖਾਂ ਦਾ ਪੰਜਾਬ ਤੋਂ ਬਾਹਰ ਤੇ ਬਦੇਸ਼ਾਂ ‘ਚ ਫੈਲਾਅ ਇਸ ਕਦਰ ਹੋ ਚੁੱਕਾ ਹੈ ਕਿ ਸਿੱਖ ਪਛਾਣ ਦੀਆਂ ਇਕਾਈਆਂ ਸਰਵ-ਆਕਾਰੀ ਨਹੀਂ ਰਹਿ ਸਕਦੀਆਂ। ਪੰਜਾਬ ‘ਚ ਬੈਠਾ ਸਿੱਖ ਜਿਸ ਢੰਗ ਨਾਲ ਸੋਚਦਾ ਹੈ, ਦਿੱਲੀ ਜਾਂ ਹੋਰ ਸ਼ਹਿਰਾਂ ‘ਚ ਬੈਠਾ ਸਿੱਖ ਓਦਾਂ ਨਹੀਂ ਸੋਚਦਾ। 1984 ਵੇਲੇ ਬਦੇਸ਼ਾਂ ‘ਚ ਹੋਏ ਸਿੱਖ ਪ੍ਰਤਿਕਰਮ ਤੋਂ ਬਾਅਦ ਸਥਿਤੀ ਉੱਥੇ ਚੋਖੀ ਬਦਲ ਚੁੱਕੀ ਹੈ। ਜਦੋਂ ਬਦੇਸ਼ਾਂ ‘ਚ ਸਿੱਖ ‘ਖਾਲਿਸਤਾਨ’ ਦੀ ਗੱਲ ਕਰਦੇ ਤਾਂ ਉਹ ਆਪਣੇ ਬੇਘਰੇਪਣ, ਬੇਗ਼ਾਨਗੀ ਤੇ ਪੰਜਾਬ ਤੋਂ ਟੁੱਟੇ ਹੋਣ ਦੀ ਦੋਸ਼-ਭਾਵਨਾ ਨੂੰ ਵੱਧ ਪ੍ਰਗਟ ਕਰਦੇ। ਉਨ੍ਹਾਂ ਦੀ imaginary homeland ਦੀ ਜੋ ਇੱਛਾ ਸੀ ਉਹ ਇਕ ਦੋ ਪੁਸ਼ਤਾਂ ਬਾਅਦ ਗ਼ਾਇਬ ਹੁੰਦੀ ਦਿਸ ਰਹੀ ਹੈ। ਮੈਨੂੰ ਸਾਊਥਾਲ ‘ਚ ਅੱਸੀ ਸਾਲ ਦਾ ਉਹ ਬਜ਼ੁਰਗ ਯਾਦ ਆਉਂਦਾ ਜੋ ਬਲੂ ਸਟਾਰ ਤੋਂ ਬਾਅਦ ਗੁਰਦੁਆਰੇ ਦੇ ਬਾਹਰ ਖੜ ਕੇ ਅੱਖਾਂ ਲਾਲ ਕਰੀ ਲਲਕਾਰੇ ਮਾਰ ਕਹਿ ਰਿਹਾ ਸੀ। ਅਨੰਤ ਗੁਬਾਰ ਲਈ ਉਹਨੂੰ ਨਿਕਾਸ ਮਿਲ ਰਿਹਾ ਸੀ। ਉਹ ਕਹੀ ਜਾ ਰਿਹਾ ਸੀ ਅੰਮ੍ਰਿਤਸਰ ‘ਚ ਜਾ ਕੇ ਸ਼ਹੀਦੀ ਪਾਉਣੀ ਹੈ। ਜੂਨ 1984 ਦਾ ਤੀਜਾ ਐਤਵਾਰ ਸੀ ਉਹ ਦਿਨ। ਗੁਰਦੁਆਰੇ ਅੰਦਰ ਕੈਨੇਡਾ ਤੋਂ ਆਇਆ ਕੋਈ ਪ੍ਰੋਫੈਸਰ ਦਇਆ ਸਿੰਘ ਖਾੜਕੂ ਭਾਸ਼ਣ ਦੇ ਰਿਹਾ ਸੀ। ਪ੍ਰੋਫੈਸਰ ਦਇਆ ਸਿੰਘ ਅੱਜ ਕਿੱਥੇ ਹੈ? ਸ਼ਹੀਦ ਹੋਣ ਲਈ ਲਲਕਾਰੇ ਮਾਰਦਾ ਬੁੜਾ ਕਿੱਥੇ ਹੈ?

1984 ਤੋਂ ਬਾਅਦ ਮੈਂ ਚਾਰ ਵੇਰ ਇੰਗਲੈਂਡ ਗਿਆ। ਹਰ ਵੇਰ ਸਾਊਥਾਲ ਘੁੰਮਦਾ ਰਿਹਾ, ਉੱਥੋਂ ਦੇ ਲੋਕਾਂ ਨੂੰ ਦੇਖਦਾ/ਸੁਣਦਾ ਰਿਹਾ। ਸਥਿਤੀ ਬੜੀ ਤੇਜ਼ੀ ਨਾਲ ਬਦਲ ਰਹੀ ਸੀ। ਸਾਊਥਾਲ ਦਾ ਨਕਸ਼ਾ ਬਦਲਦਾ ਜਾ ਰਿਹਾ ਸੀ। ਹੁਣ ਉੱਥੇ ਪਹਿਲਾਂ ਵਾਲੇ ਸਰੋਕਾਰ ਨਹੀਂ ਰਹੇ, ਰਹਿ ਵੀ ਨਹੀਂ ਸੀ ਸਕਦੇ। ਪੁਰਾਣੀਆਂ ਪੁਸ਼ਤਾਂ ਤੁਰ ਗਈਆਂ। ਅੱਜ ਪੰਜਾਬੀ ਸਾਊਥਾਲ ‘ਚੋਂ ਨਿਕਲ ਰਹੇ ਹਨ, ਏਸ਼ੀਆ ਅਫਰੀਕਾ ਦੇ ਹੋਰ ਦੇਸਾਂ ‘ਚੋਂ ਲੋਕ ਟਿਕਣੇ ਸ਼ੁਰੂ ਹੋ ਗਏ ਹਨ। ਨਵੀ ਪੁਸ਼ਤ ਦਿਨ ਰਾਤ ਕੰਮਾਂ ‘ਚ ਵਿਅਸਤ ਹੈ। ਉਹ ਪੰਜਾਬ ਬਾਰੇ ਨਹੀਂ ਸੋਚਦੀ, ਵਲੈਤ ‘ਚ ਆਪਣੇ ਵਰਤਮਾਨ ਤੇ ਅਗੇ ਬਾਰੇ ਸੋਚਦੀ ਹੈ। ਪੰਜਾਬ ‘ਚ ਗੇੜਾ ਵੀ ਨਹੀਂ ਮਾਰਨਾ ਚਾਹੁੰਦੀ।

ਅੱਜ-ਕੱਲ੍ਹ ਸਾਊਥਾਲ ‘ਚ ਪੰਜਾਬ ਤੋਂ ਜਾਅਲੀ ਆਵਾਸੀ, ਜੋ ਯੂਨੀਵਰਸਟੀ ‘ਚ ਪੜ੍ਹਨ ਦੇ ਵੀਜ਼ੇ ‘ਤੇ ਗਏ ਤੇ ਗ਼ਾਇਬ ਹੋ ਗਏ, ਰੁਲਦੇ ਫਿਰਦੇ ਹਨ। ਦਿਨੇ ਗੁਰਦੁਆਰੇ ‘ਚ ਲੰਗਰ ਛੱਕਦੇ ਹਨ ਤੇ ਰਾਤ ਪਾਰਕਾਂ ‘ਚ ਜਾਂ ਆਪਣੇ ਲੋਕਾਂ ਦੇ ਘਰਾਂ ਦੇ ਪਿਛਵਾੜ ਜਾ ਸੌਂਦੇ ਹਨ। ਉਨ੍ਹਾਂ ਨੂੰ ਹਿਕਾਰਤ ਨਾਲ ‘ਫੌਜੀ’ (ਯਾਨੀਕਿ ਫੋਰਜਡ ਪੇਪਰਾਂ ਵਾਲੇ) ਕਿਹਾ ਜਾਂਦਾ। ਇਹ ‘ਫੌਜੀ’ ਪੰਜਾਬ ਦੇ ਨਵੇਂ ਸੰਕਟ ਨੂੰ ਪ੍ਰਗਟ ਕਰਦੇ ਹਨ। ਸੰਕਟ ਇਹ ਕਿ ਏਥੇ ਪਿੰਡਾਂ ਦਾ ਯੂਥ ਆਪਣੇ ਪੱਛੜੇ ਮਾਈਕ੍ਰੋ ਸੰਸਾਰ ‘ਚ ਘੁਟਣ ਮਹਿਸੂਸ ਕਰ ਰਿਹਾ ਹੈ। ਉਹ ਸਿਆਸੀ ਬੰਦਿਆਂ ਦੀ ਕੁਰੱਪਸ਼ਨ ਤੇ ਬੇਰੁਜ਼ਗਾਰੀ ਤੋਂ ਏਨਾ ਹਤਾਸ਼ ਹੈ ਕਿ ਆਪਣੀ ਭੋਇ ਤੋਂ ਉੱਕਾ ਨਿਰਾਸ਼ ਹੋ ਚੁੱਕਾ ਹੈ। ਗਰੀਬੀ ਦੇ ਤਸ਼ੱਦਦ ਦਾ ਸਤਾਇਆ ਉਹ ਇਸ ਭੋਇੰ ਤੋਂ ਉੱਡ ਜਾਣਾ ਚਾਹੁੰਦਾ ਹੈ ਜਿਵੇਂ ਨੰਦ ਲਾਲ ਨੂਰਪੁਰੀ ਦਾ ਗੀਤ ਹੈ : ‘ਏਥੋਂ ਉੱਡ ਜਾ ਭੋਲੇ ਪੰਛੀਆ, ਤੂੰ ਆਪਣੀ ਜਾਨ ਬਚਾ…।” ਅਜਿਹੀ ਸਥਿਤੀ ਵਿਚ ਕਾਹਦੀ ਧਾਰਮਿਕ ਪਛਾਣ ਤੇ ਕਾਹਦਾ ਗੌਰਵ ਸੰਭਵ ਹੋ ਸਕਦਾ ਹੈ?

ਅੱਜ ਪੰਜਾਬ ਅੱਤ ਗੰਭੀਰ ਸੰਕਟ ‘ਚੋਂ ਗੁਜ਼ਰ ਰਿਹਾ ਹੈ। ਇਹਦਾ ਵਜੂਦ ਖਤਰੇ ‘ਚ ਹੈ। ਇਹਦੀ ਭਾਸ਼ਾ/ਸਾਹਿਤ ਤੇ ਸਭਿਆਚਾਰ ਫੌਤ ਹੋਣ ਦੇ ਰਾਹੇ ਪਏ ਹੋਏ ਹਨ। ਏਥੋਂ ਦੀ ਬੌਧਿਕਤਾ ਦਾ ਨਾਤਾ ਪੰਜਾਬ ਨਾਲ ਨਹੀਂ ਹੈ। ਪੰਜਾਬ-ਕੇਂਦਰਿਤ ਬੌਧਿਕ ਪਰੰਪਰਾ ਜੇ ਕਿਤੇ ਹੈ ਤਾਂ ਉਹ ਪੰਜਾਬੀ ‘ਚ ਲਿਖਣ ਤੋਂ ਇਨਕਾਰੀ ਹੈ। ਪੰਜਾਬੀ ਸਾਹਿਤਕਾਰੀ ਭਾਵੁਕਤਾ ਦੁਆਲੇ ਕਾਇਮ ਹੈ। ਲੇਖਕ-ਜਨ ਅਕਾਦਮੀਆਂ/ਸਰਕਾਰੀ ਅਦਾਰਿਆਂ ਤੋਂ ਫ਼ਾਇਦੇ ਉਗ੍ਰਾਹੁਣ ‘ਚ ਰੁੱਝੇ ਹੋਏ ਹਨ।

ਅਲਪ-ਬੁੱਧ ਲੁੰਪਨੀ ਬੰਦੇ ਅਕਾਦਮੀਆਂ ‘ਤੇ ਕਾਬਜ਼ ਹੋ ਰਹੇ ਹਨ। ਪੰਜਾਬੀ ਅਧਿਆਪਨ ਉਨ੍ਹਾਂ ਦੇ ਜ਼ਿੰਮੇ ਹੈ ਜਿਨ੍ਹਾਂ ਨੂੰ ਸੀਮਤ ਸੰਸਾਰ ਤੋਂ ਅਗਾਂਹ ਦੇਖਣ ਦੀ ਤਾਂਘ ਨਹੀਂ ਹੈ। ਪੰਜਾਬੀ ਪਤਰਕਾਰੀ ਖੜੋਤ ਦੀ ਸ਼ਿਕਾਰ ਹੈ। ਸਿਖਰ ਦੀ ਇਸ ਘਟਾਓ ਵਾਲੀ ਸਥਿਤੀ ਵਿਸ਼ਵੀਕਰਨ ਦੀ ਸੁਨਾਮੀ ਦਾ ਕਿਵੇਂ ਮੁਕਾਬਲਾ ਕਰ ਸਕਦੀ ਹੈ? ਇਸ ਸਥਿਤੀ ਦਾ ਜੁਆਬ ਸਿੱਖ ਪਛਾਣ ਦੀ ਰਾਜਨੀਤੀ ਕੋਲ ਵੀ ਕੀ ਹੈ? ਦੂਜੇ ਪਾਸੇ, ਵਿਸ਼ਵੀਕਰਨ ਨੇ ਸਿਆਸਤ ਦੀ ਬਣਤ (morphology) ਹੀ ਨਹੀਂ ਤਬਦੀਲ ਕੀਤੀ, ਮਨੁੱਖ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਕਾਰਪੋਰੇਸ਼ਨਾਂ ਦਾ ਫੈਲਾਅ ਵਿਸ਼ਵ ਦੇ ਹਰ ਕੋਨੇ ‘ਚ ਹੋ ਰਿਹਾ ਹੈ। ਇਹ ਕਾਰਪੋਰੇਸ਼ਨਾਂ ਏਨੀਆਂ ਸੱਤਾਧਾਰੀ ਹੋ ਚੁੱਕੀਆਂ ਕਿ ਇਹਨਾਂ ਨੇ ਪਾਰਗਾਮੀ ‘ਹੁਕਮ’ ਦਾ ਦਰਜਾ ਅਖਤਿਆਰ ਕਰ ਲਿਆ ਹੈ। ਇਨ੍ਹਾਂ ਦੀ ਸਿਆਸਤ ਕਿਸੇ ਭੂਮੀ ਦੀ ਸਥਾਨਿਕਤਾ ਨੂੰ ਤੋੜਨ ਦੇ ਯਤਨਾਂ ਨੂੰ ‘ਸੁਧਾਰ’ (reforms) ਕਹਿੰਦੀ ਹੈ।

ਸਾਡੇ ਦੇਸ਼, ਸਮੇਤ ਪੰਜਾਬ ਦੇ, ਵਿਦਿਆ ਪ੍ਰਣਾਲੀ ਕਾਰਪੋਰੇਸ਼ਨਾਂ ਦੀਆਂ ਲੋੜਾਂ ਪੂਰੀਆਂ ਕਰਨ ਵਲ ਸੇਧਿਤ ਹੈ। ਦੇਸ਼/ਕੌਮ ਦੀ ਤਕਦੀਰ ਦਾ ਫੈਸਲਾ ਕਰਨ ਲਈ ਮਨੁੱਖ ਦੀ ਮੀਡੀਏਸ਼ਨ ਪ੍ਰਾਪਤ ਨਹੀਂ ਹੈ। ਮਨੁੱਖ ਦਾ ‘ਹੋਣਾ’ ਤੇ ਇਸ ਹੋਣੇ ਦੀ ਸ਼ੈਲੀ, ਵਿਸ਼ਵ ਆਰਥਿਕਤਾ ਦੇ ਠੋਸੇ ‘ਸੁਧਾਰਾਂ’ ਦੀ ਅਨੁਸਾਰੀ ਹੋ ਚੁੱਕੀ ਹੈ। ਅਜਿਹੀ ਸਥਿਤੀ ‘ਚ ਬੰਦਾ ਰੋਬੋਟ ਵਾਂਗ ਕੰਮ ਕਰਦਾ ਹੈ। ਉਹ ਰੋਬੋਟ ਵਾਂਗ ਮੋਬਾਈਲ ਫੋਨ ਤੇ ਟੈਲੀਵਿਯਨ ਦਾ ਬੰਦੀ ਬਣਦਾ ਹੈ। ਰੋਬੋਟ ਵਾਂਗ ਪਿਆਰ ਤੇ ਸੈਕਸ ਕਰਦਾ ਹੈ। ਅਜਿਹੇ ਬੰਦੇ ਲਈ ਇਤਿਹਾਸ ਮਾਅਨੇ ਨਹੀਂ ਰੱਖਦਾ। ਉਹ ਆਪਣੀ ਹੋਣੀ ਬਾਰੇ ਚੇਤੰਨ ਨਹੀਂ ਰਹਿੰਦਾ। ਇਰਦ ਗਿਰਦ ਜੋ ਵਾਪਰਦਾ ਉਹਨੂੰ ਸੂਤਰਬੱਧ ਨਹੀਂ ਕਰ ਸਕਦਾ। ਇਹ ਕੰਮ ਉਹਦੇ ਲਈ ਮੀਡੀਆ ਕਰਦਾ ਤੇ ਮੀਡੀਆ ਕਾਰਪੋਰੇਸ਼ਨਾਂ ਦੀ ਤੂਤਨੀ ਵਜਾਂਦਾ ਹੈ। ਚੇਤਨਾ-ਵਿਹੂਣੀ ਸਥਿਤੀ ‘ਚ ਨਰਿੰਦਰ ਮੋਦੀ ਵਰਗੇ ਨੇਤਾ ਦੀ ਚੜ੍ਹਤ ਹੋਣੀ ਤੈਅ ਹੈ। ਕਾਰਪੋਰਟਰੀ ਫਾਸ਼ੀਵਾਦ ਤੇ ਹਿੰਦੂਤਵੀ ਫਾਸ਼ੀਵਾਦ ਦਾ ਸੁਮੇਲ ਆਉਂਦੇ ਸਮੇਂ ‘ਚ ਹੋਇਆ ਦਿਖਾਈ ਦੇਵੇਗਾ।

ਅੱਜ ‘ਹਿੰਦੂਤਵ’ ਦੀ ਵਿਚਾਰਧਾਰਾ ਸੁਪਰ-ਸਟੇਟ ਦਾ ਰੋਲ ਅਦਾ ਕਰਦੀ ਦਿਖ ਰਹੀ ਹੈ। ਇਹ ਸਿਆਸਤ ਅਤੇ ਆਰਥਿਕਤਾ ਦਾ ਅੱਤਵਾਦ ਹੈ।

ਸੁਆਲ ਹੈ : ਇਸ ਅੱਤਵਾਦ ਵਿਚ ਪੰਜਾਬ ਦਾ ਭਵਿੱਖ ਕੀ ਹੈ ਜਦ ਕਿ ਇਹਦੀ ਸਥਾਨਿਕਤਾ ਉੱਜੜ ਰਹੀ ਹੈ ਤੇ ਏਥੋਂ ਦੀ ਭਾਸ਼ਾ ਤੇ ਸਾਹਿਤਕਾਰੀ ਫੌਤ ਹੋਣ ਵਲ ਵੱਧ ਰਹੀ ਹੈ ਤੇ ਯੁਵਕ ਏਥੋਂ ਉੱਡ ਜਾਣਾ ਚਾਹੁੰਦਾ ਹੈ? ਅਜਿਹੀ ਸਥਿਤੀ ਵਿਚ ਖੱਬੀਆਂ ਧਿਰਾਂ ਦਾ ਵੀ ਕੀ ਭਵਿੱਖ ਹੈ?

ਗੁਰਬਚਨ,ਸੰਪਾਦਕ ਫਿਲਹਾਲ
ਮੌਬਾਇਲ: 98725-06926

Posted in Agenda, Authors, Essay, Gurbachan, Literature | Tagged , , | 1 Comment